ਹਰ ਵਿਅਕਤੀ ਦੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ ਅਤੇ ਇਹ ਸੱਚ ਹੈ ਕਿ ਆਪਣੇ ਹੁਨਰ ਨੂੰ ਪਹਿਚਾਨਣਾ ਵੀ ਆਪਣੇ-ਆਪ ਵਿਚ ਇਕ ਹੁਨਰ ਹੈ ਅਤੇ ਉਸ ਹੁਨਰ ਨੂੰ ਨਿਖਾਰਨਾ ਅਤੇ ਉਸ ਹੁਨਰ, ਕਲਾ ਜਾਂ ਯੋਗਤਾ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਸਭ ਤੋਂ ਵੱਡੀ ਗੱਲ ਹੈ। ਨਿਰਸੰਦੇਹ ਅਸਲ ਵਿਚ ਜ਼ਿੰਦਗੀ ਵਿਚ ਕੁਝ ਸਿੱਖਣਾ ਅਤੇ ਉਸ ਸਿੱਖੇ ਹੋਏ ਹੁਨਰ ਦੀ ਵਰਤੋਂ ਹੀ ਕਿਸੇ ਸਾਧਾਰਨ ਤੋਂ ਸਾਧਾਰਨ ਵਿਅਕਤੀ ਨੂੰ ਮਹਾਨਤਾ ਵੱਲ ਲੈ ਜਾਂਦੀ ਹੈ। ਅੱਜ ਦੇ ਵਿਗਿਆਨਿਕ ਯੁੱਗ ਵਿਚ ਜਾਣਕਾਰੀ ਸੂਚਨਾ, ਗਿਆਨ ਆਦਿ ਦੀ ਕੋਈ ਕਮੀ ਨਹੀਂ। ਰਸਤਿਆਂ ਦੀ ਕੋਈ ਕਮੀ ਨਹੀਂ ਪਰ ਅਸੀਂ ਜਾਣਾ ਕਿਹੜੇ ਰਸਤੇ 'ਤੇ ਹੈ, ਇਹ ਜਾਣਨ ਦੀ ਜ਼ਰੂਰਤ ਹੈ।
ਅੱਜ ਦੇ ਸਮਾਜ ਵਿਚ ਇਕ ਲੜਕੀ ਦਾ ਹੁਨਰਮੰਦ ਹੋਣਾ ਕਿਉਂ ਜ਼ਰੂਰੀ ਹੈ? ਹੁਨਰ ਨਾ ਕੇਵਲ ਸ਼ਖ਼ਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ, ਬਲਕਿ ਇਹ ਜ਼ਿੰਦਗੀ ਦੀ ਸਫਲਤਾ, ਵਿਕਾਸ ਖ਼ੁਸ਼ਹਾਲੀ ਲਈ ਜ਼ਰੂਰੀ ਹੈ। ਅਸੀਂ ਕੀ ਜਾਣਦੇ ਹਾਂ, ਇਸ ਨਾਲੋਂ ਇਹ ਜਾਣਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕੀ ਨਹੀਂ ਜਾਣਦੇ। ਆਪਣੀ ਪਹਿਚਾਣ ਦੇ ਨਾਲ-ਨਾਲ ਇਕ ਹੁਨਰ, ਕਲਾ, ਆਰਟ ਵਿਚ ਮੁਹਾਰਤ ਤੁਹਾਨੂੰ ਆਤਮ-ਨਿਰਭਰ ਬਣਾਉਂਦੀ ਹੈ। ਕੋਈ ਸਮਾਂ ਸੀ ਜਦੋਂ ਆਰਥਿਕਤਾ ਦੀ ਸਾਰੀ ਜ਼ਿੰਮੇਵਾਰੀ ਪੁਰਸ਼ ਸੰਭਾਲਦਾ ਸੀ। ਕਮਾਈ ਦੇ ਸਾਰੇ ਵਸੀਲੇ ਪੁਰਸ਼ ਦੇ ਕੋਲ ਹੋਣ ਕਰਕੇ ਸਮਾਜ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਘਟ ਅਹਿਮੀਅਤ ਦਿੱਤੀ ਜਾਂਦੀ ਹੈ। ਆਪਣੀ ਹਰ ਲੋੜ ਲਈ ਉਹ ਪੁਰਸ਼ ਉਤੇ ਨਿਰਭਰ ਹੁੰਦੀ ਸੀ ਅਤੇ ਹਰ ਮੰਗ ਲਈ ਉਸ ਨੂੰ ਪੁਰਸ਼ਾਂ ਅੱਗੇ ਹੱਥ ਅੱਡਣੇ ਪੈਂਦੇ ਸਨ। ਰਸੋਈ ਤੋਂ ਲੈ ਕੇ ਹਵਾਈ ਜਹਾਜ਼ ਚਲਾਉਣ ਤੱਕ ਹਰ ਉਹ ਹੁਨਰ, ਕਲਾ, ਕੰਮ ਵਿਚ ਮੁਹਾਰਤ ਜਿਹੜੀ ਤੁਹਾਨੂੰ ਭਿਖਾਰੀ ਤੋਂ ਰਾਜਾ ਬਣਾਉਂਦੀ ਹੈ, ਸ਼ੌਕ ਨਾਲ ਕੀਤਾ ਗਿਆ ਉਹ ਕੰਮ ਜਿਹੜਾ ਸਮਾਜ ਵਿਚ ਤੁਹਾਨੂੰ ਵੱਖਰੀ ਪਹਿਚਾਣ ਦਿੰਦਾ ਹੈ, ਤੁਹਾਡੇ ਕੱਦ ਅਤੇ ਕਿਰਦਾਰ ਨੂੰ ਉੱਚਾ ਚੁੱਕਦਾ ਹੈ, ਤੁਹਾਨੂੰ ਤੁਹਾਡਾ ਬਣਦਾ ਮਾਣ-ਸਤਿਕਾਰ ਅਤੇ ਇੱਜ਼ਤ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਰੋੜਾਂ ਰੁਪਏ ਕਮਾ ਕੇ ਹੀ ਸਫਲ ਹੋ ਸਕਦੇ ਹੋ। ਇਹ ਤੁਹਾਡੀ ਕਲਾ ਜਾਂ ਹੁਨਰ ਦਾ ਇਕ ਛੋਟਾ ਜਿਹਾ ਪੱਖ ਹੈ ਕਿ ਤੁਸੀਂ ਬਾਜ਼ਾਰ ਵਿਚੋਂ ਆਪਣੀਆਂ ਮਨਪਸੰਦ ਚੀਜ਼ਾਂ ਖਰੀਦਣ ਦੀ ਸੁਤੰਤਰਤਾ ਹਾਸਿਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਕਾਮਯਾਬੀ ਨੂੰ ਮਹਿਜ ਪੈਸੇ ਨਾਲ ਜੋੜ ਕੇ ਵੇਖ ਰਹੇ ਹੋ ਤਾਂ ਤੁਸੀਂ ਜ਼ਿੰਦਗੀ ਦੀਆਂ ਹੋਰ ਅਨੇਕਾਂ ਮਹੱਤਵਪੂਰਨ ਚੀਜ਼ਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹੋ, ਜੋ ਤੁਹਾਨੂੰ ਸਿਰਫ਼ ਭੀੜ ਦਾ ਹਿੱਸਾ ਬਣਾ ਰਹੀਆਂ ਹਨ। ਇਹ ਆਪਣੇ ਫ਼ੈਸਲੇ, ਆਪ ਕਰਨ ਦੀ ਸਮਝ ਹੈ। ਇਹ ਆਪਣੇ ਕਿਸੇ ਮਨੋਰਥ ਨੂੰ ਮਿੱਥ ਲੈਣ ਦਾ ਇਰਾਦਾ ਹੈ। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਇਹ ਆਪਣੇ ਰਸਤੇ 'ਤੇ ਤੁਰੇ ਜਾਣ ਦੀ ਹਿੰਮਤ ਹੈ। ਇੱਜ਼ਤ ਮੰਗਣ ਨਾਲ ਨਹੀਂ ਮਿਲਦੀ, ਬਲਕਿ ਇਸ ਦਾ ਹੱਕਦਾਰ ਬਣਨਾ ਪੈਂਦਾ ਹੈ।
ਕਿਸੇ ਕੰਮ ਨੂੰ ਨਿਪੁੰਨਤਾ ਨਾਲ ਕਰਨਾ ਉਸ ਨੂੰ ਸਿਰੇ ਲਾਉਣਾ ਹੀ ਹੁਨਰਮੰਦ ਹੋਣ ਦਾ ਪ੍ਰਮਾਣ ਹੈ। ਇਕ ਲੜਕੀ ਲਈ ਆਪਣੀ ਪੜ੍ਹਾਈ ਦੇ ਦੌਰਾਨ ਬਹੁਤ ਸਮਾਂ ਹੁੰਦਾ ਹੈ, ਜਦੋਂ ਉਹ ਕਿਸੇ ਵੀ ਆਰਟ ਲਈ ਕੰਮ ਕਰ ਸਕਦੀ ਹੈ। ਇਹ ਆਰਟ ਜਾਂ ਹੁਨਰ ਆਪਣੀ ਰੁਚੀ ਜਾਂ ਸ਼ੌਕ ਅਨੁਸਾਰ ਹੋਵੇ ਤਾਂ ਇਹ ਹੋਰ ਵੀ ਸੋਨੇ 'ਤੇ ਸੁਹਾਗਾ ਹੁੰਦਾ ਹੈ। ਇਹ ਹੁਨਰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣਾ ਵੀ ਹੋ ਸਕਦਾ ਹੈ ਅਤੇ ਕਿਸੇ ਸੰਗੀਤ ਨੂੰ ਸਿੱਖਣਾ ਵੀ। ਇਹ ਹੁਨਰ ਕਿਸੇ ਨਾਟਕ, ਡਰਾਮੇ, ਫ਼ਿਲਮ ਵਿਚ ਅਦਾਕਾਰੀ ਕਰਨਾ ਵੀ ਹੋ ਸਕਦਾ ਹੈ ਅਤੇ ਕਿਸੇ ਮੰਚ ਤੋਂ, ਬੋਲਣ ਦੀ ਮੁਹਾਰਤ ਹਾਸਿਲ ਕਰਨਾ ਵੀ ਹੋ ਸਕਦਾ ਹੈ। ਇਹ ਸ਼ੌਕ ਆਪਣੀ ਕਿਸੇ ਮਨਪਸੰਦ ਖੇਡ ਵਿਚੋਂ ਵੀ ਪੂਰਾ ਹੋ ਸਕਦਾ ਹੈ ਅਤੇ ਸਾਹਿਤ ਦੀ ਕਿਸੇ ਵਿਧਾ ਵਿਚ ਲਿਖਣਾ ਵੀ ਹੋ ਸਕਦਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਵੱਖ-ਵੱਖ ਟੀ.ਵੀ. ਚੈਨਲਾਂ 'ਤੇ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਆਦਿ ਵਿਚ ਖ਼ਬਰਾਂ ਦੇਣ ਦਾ ਸਭ ਤੋਂ ਵੱਧ ਕੰਮ ਲੜਕੀਆਂ ਹੀ ਕਰਦੀਆਂ ਹਨ। ਨਰਸਿੰਗ ਦੇ ਖੇਤਰ ਵਿਚ ਭਾਰਤ ਦੀਆਂ ਲੜਕੀਆਂ ਪੂਰੀ ਦੁਨੀਆ ਵਿਚ ਆਪਣੀ ਪਹਿਚਾਣ ਰੱਖਦੀਾਂ ਹਨ। ਰਸੋਈ ਦੇ ਕੰਮਾਂ ਵਿਚ ਮੁਹਾਰਤ ਵੀ ਇਕ ਆਰਟ ਹੈ ਅਤੇ ਯੂ-ਟਿਊਬ 'ਤੇ ਚੈਨਲਾਂ ਰਾਹੀਂ ਕਈ ਲੜਕੀਆਂ ਆਪਣੀ ਕਿਸੇ ਵੀ ਕਲਾ ਵਿਚ ਮੁਹਾਰਤ ਰਾਹੀਂ ਨਾਵਾਂ ਅਤੇ ਨਾਂਅ ਕਮਾ ਰਹੀਆਂ ਹਨ।
ਕਿਸੇ ਹੁਨਰ ਦੇ ਘੋੜੇ 'ਤੇ ਸਵਾਰ ਹੋ ਕੇ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਦੌੜ ਵਿਚ ਜਿੱਤ ਸਕਦੇ ਹੋ। ਤੁਹਾਡੇ ਲਈ ਸਮੁੰਦਰ ਦੇ ਕੰਢੇ ਤੋਂ ਮੱਛੀ ਫੜਨਾ ਇਕ ਕੰਮ ਹੈ ਅਤੇ ਮੱਛੀ ਫੜਨ ਬਾਰੇ ਕਿਸੇ ਨੂੰ ਸਿਖਾਉਣਾ ਇਕ ਹੁਨਰ। ਕਲਾ ਜਾਂ ਹੁਨਰ ਉਹ ਚਾਬੀ ਹੈ, ਜੋ ਤੁਹਾਡੀ ਕਿਸਮਤ ਦੇ ਬੰਦ ਦਰਵਾਜ਼ੇ ਖੋਲ੍ਹਣ ਦਾ ਕੰਮ ਕਰਦੀ ਹੈ। ਇਕ ਹੁਨਰਮੰਦ ਇਨਸਾਨ ਜਿਥੇ ਵੀ ਜਾਵੇ ਉਹ ਆਪਣੀ ਜਗ੍ਹਾ ਬਣਾ ਹੀ ਲੈਂਦਾ ਹੈ, ਭਾਵ ਹੁਨਰ ਦੁਨੀਆ ਦੇ ਹਰ ਸਮਾਜ ਵਿਚ ਵਿਕਦਾ ਹੈ।
ਅਨੁਸ਼ਾਸਨ, ਇਕਾਗਰਤਾ, ਸਪੱਸ਼ਟਤਾ, ਨਿਸ਼ਚਾ, ਅਭਿਆਸ, ਸ਼ੌਕ, ਲਗਨ ਅਤੇ ਇਮਾਨਦਾਰ ਇਰਾਦੇ ਨਾਲ ਕਿਸੇ ਵੀ ਹੁਨਰ ਵਿਚ ਮੁਹਾਰਤ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁਹਾਰਤ ਹੀ ਕਿਸੇ ਲੜਕੀ ਦੀ ਜ਼ਿੰਦਗੀ ਦਾ ਅਸਲ ਹੁਸਨ ਹੁੰਦਾ ਹੈ। ਸਮਾਜ ਵਿਚ ਆਪਣੀ ਪਹਿਚਾਣ ਅਤੇ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਲਈ ਜ਼ਰੂਰੀ ਹੈ ਇਕ ਲੜਕੀ ਦਾ ਹੁਨਰਮੰਦ ਹੋਣਾ। ਇਹ ਹੁਨਰ ਉਸ ਦੀ ਤਾਕਤ, ਸਮਰੱਥਾ, ਬੇਫਿਕਰੀ ਅਤੇ ਖ਼ੁਸ਼ਹਾਲੀ ਦਾ ਮੁੱਖ ਕਾਰਨ ਬਣਦਾ ਹੈ। ਹੁਨਰਮੰਦ ਹੋਣਾ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੈ।
-ਪਿੰਡ ਗੋਲੇਵਾਲਾ, ਫ਼ਰੀਦਕੋਟ।
ਮੋਬਾਈਲ : 94179-49079