21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮਹਿਲਾ ਯੂਰੋ 2025-ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ

ਅਜੀਤ ਡੈਸਕ 22-07-2025

ਯੂਰਪ ਵਿਚ ਫੁੱਟਬਾਲ ਟੂਰਨਾਮੈਂਟਾਂ ਨੂੰ ਆਯੋਜਿਤ ਕਰਨ ਵਾਲੀ ਚੋਟੀ ਦੀ ਸੰਸਥਾ 'ਯੂਏਫਾ' ਵਲੋਂ 2025 ਦਾ ਯੂਰਪੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਜਾਂ ਮਹਿਲਾ ਯੂਰੋ-2025, 2 ਜੁਲਾਈ ਤੋਂ ਚੱਲ ਰਿਹਾ ਹੈ। ਯੂਰਪੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਜੋ ਹਰ ਚਾਰ ਸਾਲ ਬਾਅਦ ਖੇਡੀ ਜਾਂਦੀ ਹੈ, ਦਾ ਇਹ 14ਵਾਂ ਐਡੀਸ਼ਨ ਹੈ। ਇਸ ਵਿਚ ਯੂਰਪ ਦੇ ਦੇਸ਼ਾਂ ਦੀਆਂ ਮਹਿਲਾ ਕੌਮੀ ਟੀਮਾਂ ਹਿੱਸਾ ਲੈਂਦੀਆਂ ਹਨ। ਸਵਿਟਜ਼ਰਲੈਂਡ ਦੇ ਵੱਖ-ਵੱਖ ਮੈਦਾਨਾਂ 'ਚ ਹਿੱਸਾ ਲੈਣ ਵਾਲੀਆਂ ਯੂਰਪ ਦੀਆਂ 16 ਟੀਮਾਂ ਦੀ ਚੋਣ ਕੁਆਲੀਫਾਇੰਗ ਮੈਚਾਂ ਦੌਰਾਨ ਹੋਈ ਸੀ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ ਇਸ ਮਹਿਲਾ ਯੂਰੋ ਦੀ ਪਿਛਲੇ ਵਾਰ ਦੀ ਚੈਂਪੀਅਨ ਟੀਮ ਹੈ, ਜਿਸ ਨੇ ਫਾਈਨਲ 'ਚ ਜਰਮਨੀ ਦੀ ਟੀਮ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਟੂਰਨਾਮੈਂਟ ਦੇ ਆਯੋਜਨ ਲਈ 16 ਟੀਮਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿਚ ਚਾਰ-ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਸਵਿਟਜ਼ਰਲੈਂਡ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕਰ ਰਿਹਾ ਹੈ। ਪੋਲੈਂਡ ਅਤੇ ਵੇਲਸ ਦੀਆਂ ਟੀਮਾਂ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਭਾਗ ਲੈ ਰਹੀਆਂ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ 'ਤੇ ਆਪਣਾ ਪਿਛਲਾ ਟਾਈਟਲ ਬਚਾਉਣ ਦਾ ਦਬਾਅ ਰਹੇਗਾ ਅਤੇ ਸਵਿਟਜ਼ਰਲੈਂਡ ਦੀ ਟੀਮ ਉੱਤੇ ਵੀ ਮੇਜ਼ਬਾਨ ਟੀਮ ਹੋਣ ਕਾਰਨ ਵਧੀਆ ਕਾਰਗੁਜ਼ਾਰੀ ਕਰਨ ਦਾ ਦਬਾਅ ਬਣਿਆ ਰਹੇਗਾ। ਇਸ ਟੂਰਨਾਮੈਂਟ ਦੇ ਸਾਰੇ ਮੈਚ ਸਵਿਟਜ਼ਰਲੈਂਡ ਦੇ 8 ਸਟੇਡੀਅਮਾਂ ਵਿਚ ਖੇਡੇ ਜਾ ਰਹੇ ਹਨ। ਹੁਣ ਤੱਕ ਹੋਏ ਮੈਚਾਂ 'ਚ ਨਾਰਵੇ, ਸਪੇਨ, ਸਵੀਡਨ ਤੇ ਫਰਾਂਸ ਨੇ ਆਪਣੇ-ਆਪਣੇ ਗਰੁੱਪਾਂ ਦੇ ਸਾਰੇ ਹੀ ਮੈਚ ਜਿੱਤ ਕੇ ਪਹਿਲੇ ਸਥਾਨ ਹਾਸਲ ਕੀਤੇ ਹਨ। ਗੱਲ ਕਰੀਏ ਜੇਕਰ ਗਰੁੱਪ ਮੈਚਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਖਿਡਾਰਨਾਂ ਦੀ ਤਾਂ ਨਾਰਵੇ ਦੀਆਂ ਖਿਡਾਰਨਾਂ ਗਾਪਸੈੱਟ ਅਤੇ ਮਾਨੂਮ, ਸਪੇਨ ਦੀ ਗੋਂਜ਼ਾਲੇਜ਼ ਅਤੇ ਇੰਗਲੈਂਡ ਦੀ ਜੇਮਸ ਨੇ ਆਪਣੇ ਖੇਡ ਦੇ ਹੁਨਰ ਨਾਲ ਖੇਡ ਪ੍ਰੇਮੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਵੈਸੇ ਗਰੁੱਪ-ਬੀ ਵਿਚ ਸਪੇਨ ਦੀ ਟੀਮ ਨੇ ਪਹਿਲੇ ਮੈਚ ਵਿਚ ਪੰਜ, ਦੂਜੇ ਵਿਚ ਛੇ ਤੇ ਤੀਜੇ ਵਿਚ ਤਿੰਨ, ਭਾਵ ਕੁੱਲ 14 ਗੋਲ ਕਰ ਕੇ ਆਪਣੇ-ਆਪ ਨੂੰ ਟੂਰਨਾਮੈਂਟ ਦਾ ਮੁੱਖ ਦਾਅਵੇਦਾਰ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਕੁਆਰਟਰ ਫਾਈਨਲ ਵਿਚ ਇਟਲੀ ਦੀ ਖਿਡਾਰਨ ਗਿਰੇਲੀ ਨੇ ਨਾਰਵੇ ਵਿਰੁੱਧ ਖੇਡਦਿਆਂ ਦੋ ਗੋਲ ਕੀਤੇ ਸਨ ਤੇ ਇਟਲੀ ਦੀ ਟੀਮ ਨਾਰਵੇ ਕੋਲੋਂ 2-1 ਦੇ ਫ਼ਰਕ ਨਾਲ ਜਿੱਤ ਗਈ ਸੀ। ਗੱਲ ਕਰੀਏ ਜੇਕਰ ਮਹਿਲਾ ਯੂਰੋ 2022 ਦੀ ਤਾਂ ਇਸ ਚੈਂਪੀਅਨਸ਼ਿਪ ਵਿਚ ਇੰਗਲੈਂਡ ਟੀਮ ਦੀ ਖਿਡਾਰਨ ਬੈੱਥ ਮੀਡ ਤੇ ਸਪੇਨ ਦੀ ਲੇਨਾ ਓਬਰਡਾਰਫ ਨੇ 6-6 ਗੋਲ ਕੀਤੇ ਸਨ ਅਤੇ ਉਹ ਟਾਪ ਸਕੋਰਰ ਰਹੀਆਂ ਸਨ। ਇੰਗਲੈਂਡ ਦੀ ਫਾਰਵਰਡ ਖਿਡਾਰਨ ਮੀਡ ਨੂੰ ਟੂਰਨਾਮੈਂਟ ਦਾ 'ਬੈੱਸਟ ਪਲੇਅਰ' ਅਤੇ ਸਪੇਨ ਦੀ ਮਿਡ ਫੀਲਡਰ ਲੇਨਾ ਨੂੰ 'ਬੈੱਸਟ ਯੰਗ ਪਲੇਅਰ' ਐਲਾਨਿਆ ਗਿਆ ਸੀ। ਬੈੱਥ ਮੀਡ ਨੂੰ 'ਗੋਲਡਨ ਬੂਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮੀਡ ਨੇ ਗਰੁੱਪ ਮੁਕਾਬਲਿਆਂ ਦੇ ਇਕ ਮੈਚ ਵਿਚ ਨਾਰਵੇ ਵਿਰੁੱਧ ਤਿੰਨ ਗੋਲ ਕੀਤੇ ਸਨ ਅਤੇ ਆਪਣੀ ਟੀਮ ਨੂੰ 8-0 ਦੀ ਜਿੱਤ ਦਿਵਾਈ ਸੀ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾ: 62842-20595

ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਬੰਦਾ ਨਹੀਂ ਸਮਝਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।