14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬੱਸ ਸਟੈਂਡ ਬਰਨਾਲਾ ਦਾ ਬੁਰਾ ਹਾਲ, ਵਿਕਾਸ ਕੰਮਾਂ ਦੀ ਨਿਕਲੀ ਫੂਕ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ <br/>

ਅਜੀਤ ਡੈਸਕ 09-12-2025
ਬਰਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਜਿੱਥੇ ਇੱਕ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਸਰੇ ਪਾਸੇ ਬੱਸ ਸਟੈਂਡ ਬਰਨਾਲਾ ਜੋ ਨਗਰ ਸੁਧਾਰ ਟਰੱਸਟ ਬਰਨਾਲਾ ਅਧੀਨ ਆਉਂਦਾ ਹੈ, ਵਿਖੇ ਵਿਕਾਸ ਦਾਅਵਿਆਂ ਦੀ ਸ਼ਰੇਆਮ ਫ਼ੂਕ ਨਿਕਲਦੀ ਦੇਖੀ ਜਾ ਸਕਦੀ ਹੈ | ਬੱਸ ਸਟੈਂਡ ਵਿਖੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਕਿਧਰੇ ਵੀ ਸਫ਼ਾਈ ਨਹੀਂ ਸੀ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ | ਸਵਾਰੀਆਂ, ਡਰਾਈਵਰਾਂ ਤੇ ਕੰਡਕਟਰਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਕਿਉਂਕਿ ਵਾਟਰ ਕੂਲਰ ਵਾਲੀ ਜਗ੍ਹਾ 'ਤੇ ਸਫ਼ਾਈ ਨਾ ਹੋਣ ਕਾਰਨ ਟੂਟੀਆਂ ਤੇ ਆਸ-ਪਾਸ ਜਿਲਬ ਜੰਮੀ ਹੋਈ ਸੀ | ਹੋਰ ਤਾਂ ਹੋਰ ਜਦੋਂ ਬੱਸ ਸਟੈਂਡ ਦੀ ਛੱਤ ਉੱਪਰ ਜਾ ਕੇ ਦੇਖਿਆ ਗਿਆ ਤਾਂ ਛੱਤ 'ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਤੋਂ ਢੱਕਣ ਗ਼ਾਇਬ ਸਨ ਅਤੇ ਛੱਤ 'ਤੇ ਜਮ੍ਹਾ ਪਾਣੀ ਵਿਚ ਲਾਰਵਾ ਜੰਮਿਆ ਹੋਇਆ ਸੀ, ਜੋ ਸਿੱਧੇ ਤੌਰ 'ਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਤੋਂ ਇਲਾਵਾ ਬੱਸ ਸਟੈਂਡ ਵਿਚਲੇ ਬਾਥਰੂਮਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ਦਾ ਵੀ ਮਾੜਾ ਹਾਲ ਹੈ ਅਤੇ ਬੱਸ ਸਟੈਂਡ ਦਾ ਫ਼ਰਸ਼ ਵੀ ਬਹੁਤ ਜਗ੍ਹਾ ਤੋਂ ਟੁੱਟਿਆ ਹੋਇਆ ਹੈ | ਬੱਸ ਸਟੈਂਡ 'ਤੇ ਮੌਜੂਦ ਜਦੋਂ ਕੁੱਝ ਸਵਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਉੱਪਰ ਪੀਣ ਵਾਲਾ ਸ਼ੁੱਧ ਪਾਣੀ, ਸਾਫ਼-ਸੁਥਰੇ ਬਾਥਰੂਮਾਂ ਦੀ ਸਹੂਲਤ ਅਤੇ ਵਧੀਆ ਵਾਤਾਵਰਨ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਬੱਸ ਸਟੈਂਡ ਉੱਪਰ ਕੋਈ ਵੀ ਸਹੂਲਤ ਨਹੀਂ ਹੈ | ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ | ਬੱਸ ਸਟੈਂਡ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਸਵਾਰੀਆਂ ਅਤੇ ਸ਼ਹਿਰ ਵਾਸੀ ਪੁੱਛ ਰਹੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਕਿੱਥੇ ਹਨ, ਜਿਨ੍ਹਾਂ ਦੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਦੀ ਜ਼ੰੁਮੇਵਾਰੀ ਬਣਦੀ ਹੈ | ਪੀ.ਆਰ.ਟੀ.ਸੀ. ਕੰਟਰੈਕਟ ਯੂਨੀਅਨ ਦੇ ਆਗੂ ਨਿਰਪਾਲ ਸਿੰਘ ਪੱਪੂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਸੁਖਪਾਲ ਸਿੰਘ ਪਾਲਾ, ਮਲਕੀਤ ਸਿੰਘ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਅਤੇ ਨਗਰ ਸੁਧਾਰ ਟਰੱਸਟ ਦਾ ਬੱਸ ਸਟੈਂਡ ਬਰਨਾਲਾ ਵਿਖੇ ਸਵਾਰੀਆਂ, ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਹੈ | ਬੱਸ ਸਟੈਂਡ ਵਿਚ ਹਰ ਸਮੇਂ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਗੰਦਗੀ ਭਰੇ ਮਾਹੌਲ ਵਿਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਬੱਸ ਸਟੈਂਡ ਵਿਚ ਸੀ.ਸੀ.ਟੀ.ਵੀ. ਕੈਮਰੇ ਖ਼ਰਾਬ ਹਨ, ਸੁਰੱਖਿਆ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬੱਸਾਂ ਵਿਚੋਂ ਚੋਰੀਆਂ ਹੋ ਰਹੀਆਂ ਹਨ, ਬੱਸ ਸਟੈਂਡ ਵਿਚ ਨਸ਼ੇੜੀ ਕਿਸਮ ਦੇ ਨੌਜਵਾਨ ਸ਼ਰੇਆਮ ਬੈਠੇ ਰਹਿੰਦੇ ਹਨ, ਪੀਣ ਵਾਲੇ ਸਾਫ਼ ਪਾਣੀ ਕੋਈ ਪ੍ਰਬੰਧ ਨਹੀਂ, ਬਾਥਰੂਮਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ, ਪਾਰਕਾਂ ਦੀ ਸਫ਼ਾਈ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸ ਸਟੈਂਡ ਬਰਨਾਲਾ ਵਲੋਂ ਤੁਰੰਤ ਧਿਆਨ ਦੇ ਕੇ ਸਵਾਰੀਆਂ, ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਸਟਾਫ਼ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਜਲਦ ਮੁਹੱਈਆ ਕਰਵਾਈਆਂ ਜਾਣ |
ਆਮ ਆਦਮੀ ਪਾਰਟੀ ਵਲੋਂ ਕਾਗ਼ਜ਼ਾਂ ਵਿਚ ਹੀ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ-ਕੈਪਟਨ ਸਿੱਧੂ
ਭਾਰਤੀਆ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਬੱਸ ਸਟੈਂਡ ਬਰਨਾਲਾ ਦੀ ਮਾੜੀ ਹਾਲਤ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਲਕੇ ਵਿਚ ਕਈ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾਣ ਦੇ ਦਮਗਜੇ ਮਾਰੇ ਜਾ ਰਹੇ ਹਨ ਪਰ ਅਸਲ ਵਿਚ ਸ਼ਹਿਰ ਬਰਨਾਲਾ ਦੀਆਂ ਜਨਤਕ ਥਾਵਾਂ ਦੇ ਹਾਲਾਤ ਦੇਖਕੇ ਤਾਂ ਇਹੋ ਜਾਪਦਾ ਹੈ ਕਿ ਇਹ ਵਿਕਾਸ ਕਾਰਜ ਸਿਰਫ਼ ਕਾਗ਼ਜ਼ਾਂ ਵਿਚ ਹੀ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵੱਧ ਰਹੀਆਂ ਬਿਮਾਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੱਸ ਸਟੈਂਡ ਦੀ ਸਾਫ਼-ਸਫ਼ਾਈ ਵੱਲ ਜਲਦ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬੱਸ ਸਟੈਂਡ ਵਿਖੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸਵਾਰੀਆਂ ਅਤੇ ਹੋਰ ਲੋਕ ਆਉਂਦੇ-ਜਾਂਦੇ ਹਨ |


ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਨੇ ਐੱਫ਼.ਏ.ਪੀ. ਰਾਸ਼ਟਰੀ ਸੱਭਿਆਚਾਰਕ ਪੁਰਸਕਾਰ ਸਮਾਰੋਹ 'ਚ ਦਿਖਾਈ ਚਮਕ ਅਗਲੀ ਖ਼ਬਰ ਐੱਨ.ਸੀ.ਸੀ. ਕਮਾਂਡਿੰਗ ਅਫ਼ਸਰ ਕੈਪਟਨ ਈਸ਼ਰਾਜ ਸਿੰਘ ਦਾ ਸਰਵਹਿੱਤਕਾਰੀ ਸਕੂਲ ਵਿਚ ਆਗਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।