ਤਪਾ ਮੰਡੀ, 3 ਦਸੰਬਰ (ਪ੍ਰਵੀਨ ਗਰਗ)-ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ-2025 ਦੇ ਮੈਂਬਰ ਚੁਣਨ ਲਈ ਮਿਤੀ 14 ਦਸੰਬਰ 2025 ਐਤਵਾਰ ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਜਿਸ ਤਹਿਤ ਇਨ੍ਹਾਂ ਚੋਣਾਂ ਨੂੰ ਪਾਰਦਰਸ਼ੀ ਅਤੇ ਅਮਨ ਮਾਨ ਨਾਲ ਨੇਪਰੇ ਚਾੜਿ੍ਹਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ-ਕਮ-ਚੋਣ ਅਧਿਕਾਰੀ ਆਯੂਸ਼ ਗੋਇਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਚਾਰ ਉਮੀਦਵਾਰਾਂ ਨੇ ਵੱਖ-ਵੱਖ ਜ਼ੋਨਾਂ ਲਈ ਪੰਚਾਇਤ ਸੰਮਤੀ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ | ਪੰਜਾਬ ਸਰਕਾਰ ਪੂਰਨ ਅਮਨ ਸ਼ਾਂਤੀ ਅਤੇ ਇਮਾਨਦਾਰੀ ਨਾਲ ਚੋਣਾਂ ਕਰਵਾਉਣ ਲਈ ਬਚਨਬੱਧ ਹੈ | ਹਲਕੇ 'ਚ 25 ਜ਼ੋਨ ਅਤੇ 158 ਬੂਥ ਬਣਾਏ ਗਏ ਹਨ | ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮਜ਼ਦਗੀ ਪੱਤਰ ਪੂਰੀ ਤਰ੍ਹਾਂ ਨਾਲ ਪੜ੍ਹ ਕੇ ਅਤੇ ਧਿਆਨ ਨਾਲ ਭਰ ਕੇ ਲਿਆਉਣ ਤਾਂ ਕਿ ਕਿਸੇ ਵੀ ਸੰਭਾਵੀ ਉਮੀਦਵਾਰ ਨੂੰ ਕਿਸੇ ਤਰ੍ਹਾਂ ਦਾ ਪ੍ਰੇਸ਼ਾਨੀ ਦਾ ਸਾਹਮਣਾ ਨਾਂਹ ਕਰਨਾ ਪਵੇ |