ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਲੁੱਟ ਖੋਹ ਦੀਆਂ ਲਗਾਤਾਰ ਵਾਰਦਾਤਾਂ ਕਰਨ ਕਰ ਕੇ ਪਿੰਡ ਵਿਚ ਪੂਰੀ ਤਰ੍ਹਾਂ ਦਹਿਸ਼ਤ ਪਾਈ ਜਾ ਰਹੀ ਹੈ | ਹੁਣ ਤੱਕ ਅੱਧੀ ਦਰਜਨ ਘਟਨਾਵਾਂ ਲਗਾਤਾਰ ਵਾਪਰ ਚੁੱਕੀਆਂ ਹਨ ਅਤੇ ਮੋਟਰਸਾਈਕਲ ਲੁਟੇਰੇ ਦਿਨ ਦਿਹਾੜੇ ਪਿੰਡ ਵਿਚੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਪਿੰਡ ਵਿਚ ਹੀ ਰਿਕਸ਼ਾ ਚਲਾਉਂਦੇ ਭੋਲਾ ਸਿੰਘ ਨੇ ਦੱਸਿਆ ਕਿ ਸ਼ਾਮ ਚਾਰ ਵਜੇ ਦੇ ਕਰੀਬ ਜਦ ਉਹ ਪਿੰਡ ਵਿਚ ਔਰਤ ਸਵਾਰੀ ਉਤਾਰਨ ਜਾ ਰਿਹਾ ਸੀ ਤਾਂ ਪੀਰਖ਼ਾਨਾ ਨੇੜੇ ਦੋ ਨੀਲੇ ਰੰਗ ਦੇ ਪਲਟੀਨਾ ਮੋਟਰ ਸਾਈਕਲ ਸਵਾਰ ਲੜਕਿਆਂ ਨੇ ਤੁਰੇ ਜਾਂਦੇ ਈ ਰਿਕਸ਼ਾ ਵਿਚ ਬੈਠੀ ਪਿੰਡ ਦੀ ਹੀ ਔਰਤ ਦਾ ਝਪਟ ਮਾਰ ਕੇ ਪਰਸ ਖੋਹ ਲਿਆ | ਪਰਸ ਖੋਹਣ ਵਾਲੇ ਸਮੇਂ ਔਰਤ ਵੀ ਝਟਕੇ ਨਾਲ ਸੜਕ 'ਤੇ ਡਿੱਗ ਪਈ ਅਤੇ ਜ਼ਖ਼ਮੀ ਹੋ ਗਈ | ਉਸ ਨੇ ਦੱਸਿਆ ਕਿ ਖੋਹ ਕਰਨ ਵਾਲੇ ਲੜਕਿਆਂ ਦੇ ਮੋਟਰਸਾਈਕਲ ਚਾਲਕ ਦਾ ਮੂੰਹ ਬੰਨਿ੍ਹਆ ਹੋਇਆ ਸੀ ਜਦਕਿ ਪਿੱਛੇ ਬੈਠਾ ਲੜਕਾ ਨੰਗੇ ਮੂੰਹ ਸੀ | ਸਰਪੰਚ ਵੀਰਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਈ ਔਰਤ ਰੇਸ਼ਮ ਸਿੰਘ ਮਿਸਤਰੀ ਦੇ ਪਰਿਵਾਰ ਵਿਚੋਂ ਸੀ ਅਤੇ ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਲੁੱਟ ਖੋਹ ਵਾਲੇ ਲੜਕਿਆਂ ਦੀ ਸਨਾਖ਼ਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ |