ਧਨੌਲਾ, 3 ਦਸੰਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸੁਹਿਰਦ ਯਾਦਗਾਰੀ ਲਾਇਬ੍ਰੇਰੀ ਕੱਟੂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਕੱਟੂ ਵਿਖੇ ਕਰਵਾਇਆ ਗਿਆ | ਇਸ ਸਮਾਗਮ ਵਿਚ ਹਰਦੇਵ ਸਿੰਘ ਖੁੱਡੀ ਕਲਾਂ ਦੀ ਪੁਸਤਕ ਤਿਲਕ ਜੰਝੂ ਦੇ ਰਾਖੇ ਦਾ ਲੋਕ ਅਰਪਣ ਕੀਤਾ ਗਿਆ | ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿਚ ਹਰਦੇਵ ਸਿੰਘ ਖੁੱਡੀ ਕਲਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਆਪਣੇ ਗੀਤਾਂ ਰਾਹੀਂ ਸਿੱਜਦਾ ਕੀਤਾ ਹੈ | ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਕਿਹਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਕਵੀ ਦਰਬਾਰ ਕਰਵਾ ਕੇ ਪੰਜਾਬੀ ਸਾਹਿਤ ਸਭਾ ਨੇ ਆਪਣਾ ਬਣਦਾ ਫ਼ਰਜ਼ ਅਦਾ ਕੀਤਾ ਹੈ | ਉਪਰੰਤ ਹੋਏ ਕਵੀ ਦਰਬਾਰ ਵਿਚ ਡਾ: ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਡਾ: ਅਮਨਦੀਪ ਸਿੰਘ ਟੱਲੇਵਾਲੀਆ ਦਾ ਕਵੀਸ਼ਰੀ ਜਥਾ, ਗੁਰਜੰਟ ਸਿੰਘ ਸੋਹਲ ਧਨੌਲਾ ਅਤੇ ਨਛੱਤਰ ਸਿੰਘ ਦਾ ਕਵੀਸ਼ਰੀ ਜਥਾ, ਸਰੂਪ ਚੰਦ ਹਰੀਗੜ੍ਹ ਅਤੇ ਪ੍ਰੇਮਜੀਤ ਸਿੰਘ ਦਾ ਕਵੀਸ਼ਰੀ ਜਥਾ ਰਘਬੀਰ ਸਿੰਘ ਗਿੱਲ ਕੱਟੂ, ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਸਿਮਰਜੀਤ ਕੌਰ ਬਰਾੜ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ, ਡਾ: ਤਰਸਪਾਲ ਕੌਰ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸਨੇਹ, ਪਿ੍ੰ: ਮਲਕੀਤ ਸਿੰਘ ਗਿੱਲ, ਚਰਨੀ ਬੇਦਿਲ ਅਤੇ ਦਲਵਾਰ ਸਿੰਘ ਫ਼ੌਜੀ, ਦਮਨੀਤ ਕੌਰ, ਦਰਸ਼ਨ ਸਿੰਘ, ਨਛੱਤਰ ਸਿੰਘ ਭੈਣੀ ਮਹਿਰਾਜ ਅਤੇ ਤਰਸੇਮ ਸਿੰਘ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਸਟੇਜ ਦਾ ਫ਼ਰਜ਼ ਡਾ: ਤਰਸਪਾਲ ਕੌਰ ਨੇ ਨਿਭਾਇਆ | ਸਾਰੀ ਗਿਣਤੀ ਵਿਚ ਸੰਗਤਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ | ਇਸ ਮੌਕੇ ਸ.ਸ ਗਿੱਲ ਦਾਨਗੜ੍ਹ ਮੈਨੇਜਰ, ਮਾਸਟਰ ਜਗਤਾਰ ਸਿੰਘ ਕੱਟੂ ਅਤੇ ਰਿਟਾ: ਹੈਡ ਮਾਸਟਰ ਰਣਧੀਰ ਸਿੰਘ ਹਾਜ਼ਰ ਸਨ | ਸਾਰੇ ਕਵੀ ਸਾਹਿਬਾਨ ਦਾ ਪੰਜਾਬੀ ਸਾਹਿਤ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਕਵੀਆਂ ਤੋਂ ਇਲਾਵਾ ਪਿੰਡ ਦੀਆਂ ਮਾਈਆਂ ਦਾ ਵੀ ਸੁਹਿਰਦ ਲਾਇਬ੍ਰੇਰੀ ਕੱਟੂ ਵਲੋਂ ਸਨਮਾਨ ਕੀਤਾ ਗਿਆ |