ਸ਼ਹਿਣਾ, 20 ਨਵੰਬਰ (ਸੁਰੇਸ਼ ਗੋਗੀ)-ਪਿੰਡ ਲੀਲੋ ਕੋਠੇ ਨੇੜਿਓਾ ਸ਼ਹਿਣਾ ਦੇ ਲਗਭਗ ਚਾਰ ਕਿਸਾਨਾਂ ਦੇ ਖੇਤਾਂ ਵਿਚੋਂ 8 ਸਫ਼ੈਦੇ ਦੇ ਭਾਰੀ ਦਰੱਖਤ ਅਣਪਛਾਤੇ ਵਿਅਕਤੀ ਰਾਤ ਸਮੇਂ ਵੱਢ ਕੇ ਲੈ ਗਏ | ਅਤਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਣਕ ਦੇ ਖੇਤ ਵਿਚ ਪਿਕਅੱਪ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਸਨ | ਸੜਕ ਦੇ ਨਾਲ ਪੱਕੇ ਖਾਲ 'ਤੇ ਲੱਗੇ ਹੋਏ ਸਫ਼ੈਦੇ ਦੇ ਭਾਰੀ ਦਰੱਖਤਾਂ ਨੂੰ ਬਿਜਲੀ ਆਰੇ ਦੀ ਮਦਦ ਨਾਲ ਕੱਟਿਆ ਗਿਆ ਅਤੇ ਰਾਤੋ ਰਾਤ ਸਫ਼ੈਦੇ ਦੇ ਦਰੱਖਤਾਂ ਦੇ ਟੋਟੇ ਗੱਡੀਆਂ ਵਿਚ ਲੱਦਣ ਉਪਰੰਤ ਅਣਪਛਾਤੇ ਫ਼ਰਾਰ ਹੋ ਗਏ | ਲੀਲੋ ਕੋਠੇ ਵਿਖੇ ਕੁੱਝ ਘਰਾਂ ਦੇ ਲੱਗੇ ਕੈਮਰਿਆਂ ਦੀ ਜਾਂਚ ਉਪਰੰਤ ਪਤਾ ਲੱਗਿਆ ਕਿ 10 ਵਜੇ ਦੇ ਕਰੀਬ ਪਿਕਅਪ ਗੱਡੀ ਇਹ ਸੜਕ ਤੋਂ ਲੰਘੀ ਹੈ ਅਤੇ ਸਵੇਰੇ 3:40 ਦੇ ਕਰੀਬ ਸਫ਼ੈਦੇ ਦੇ ਦਰੱਖਤਾਂ ਨਾਲ ਭਰੀ ਹੋਈ ਵਾਪਸ ਸ਼ਹਿਣਾ ਵੱਲ ਲੰਘੀ ਹੈ | ਉਨ੍ਹਾਂ ਦੱਸਿਆ ਕਿ ਉਸ ਦੇ ਆਪਣੇ ਖੇਤ ਵਿਚੋਂ 3 ਦਰੱਖਤ, ਕੁਲਦੀਪ ਸਿੰਘ ਰਹਿਲ ਦੇ 2, ਸੁਖਦੇਵ ਸਿੰਘ ਢੀਂਡਸਾ ਤੇ ਆਤਮਾ ਸਿੰਘ 1-1 ਦਰੱਖਤ ਵੱਢਿਆ ਗਿਆ ਹੈ | ਇਸ ਸਬੰਧੀ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਹਰਜਿੰਦਰ ਸਿੰਘ ਬਿੱਲੂ ਅਤੇ ਕਿਸਾਨ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਤੇ ਜਗਤਾਰ ਸਿੰਘ ਝੱਜ ਨੇ ਕਿਹਾ ਕਿ ਜੇਕਰ ਖੇਤਾਂ ਵਿਚ ਖੜੇ ਦਰੱਖਤਾਂ ਦੀ ਹੀ ਚੋਰੀ ਹੋਣ ਲੱਗੀ, ਤਾਂ ਆਮ ਕਿਸਾਨ ਪਰਿਵਾਰਾਂ ਦਾ ਮਸ਼ੀਨਰੀ ਤੇ ਹੋਰ ਸੰਦ ਸੰਦੇੜਾ ਖੇਤਾਂ ਵਿਚ ਪਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਚੋਰ ਗਿਰੋਹ ਨੂੰ ਛੇਤੀ ਕਾਬੂ ਕਰ ਕੇ ਜਨਤਕ ਕਰਨਾ ਚਾਹੀਦਾ ਹੈ |