ਪਾਇਲ, 8 ਦਸੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਜੋਨ ਬੇਰ ਕਲਾ ਤੋਂ ਇੱਕ ਉਮੀਦਵਾਰ ਦੇ ਕਾਗ਼ਜ਼ ਰੱਦ ਕੀਤੇ ਜਾਣ ਤੋਂ ਬਾਅਦ ਇਕ ਵਫ਼ਦ ਨੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਚੋਣ ਕਮਿਸ਼ਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਜਿਹੜੇ ਜਾਤੀ ਸਰਟੀਫਿਕੇਟ ਦੇ ਆਧਾਰ 'ਤੇ ਜੋਨ ਬੇਰ ਕਲਾਂ ਤੋਂ ਸਾਡੇ ਉਮੀਦਵਾਰ ਗੁਰਮੀਤ ਸਿੰਘ ਦੇ ਕਾਗ਼ਜ਼ ਰੱਦ ਕੀਤੇ ਗਏ ਹਨ, ਉਸ ਉਮੀਦਵਾਰ ਵਲੋਂ ਜਾਤੀ ਸਰਟੀਫਿਕੇਟ ਦੀ ਕਾਪੀ ਪਹਿਲਾਂ ਵੀ ਚੋਣ ਅਧਿਕਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਅੱਜ ਵੀ ਭੇਜੀ ਜਾ ਰਹੀ ਹੈ | ਅੱਜ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਹੈ | ਜਦੋਂ ਇਸ ਸੰਬੰਧੀ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪਰਿਸ਼ਦ ਕਮ ਉਪ ਮੰਡਲ ਮੈਜਿਸਟਰੇਟ ਪਾਇਲ ਪਰਦੀਪ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲ਼ੋ ਇਸ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਵੱਲੋਂ ਸਮੇਂ ਸਿਰ ਜਾਤੀ ਸਰਟੀਫਿਕੇਟ ਨਾ ਦੇਣ ਕਰਕੇ ਕਾਗ਼ਜ਼ ਰੱਦ ਹੋਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਕਾਇਤਕਰਤਾ ਗੁਰਮੀਤ ਸਿੰਘ ਚੋਮੋ, ਜਥੇਦਾਰ ਤਾਰਾ ਸਿੰਘ ਘੁਡਾਣੀ, ਹਰਬੰਤ ਸਿੰਘ ਗਿੱਲ, ਨੇਤਾ ਗਗਨਦੀਪ ਸਿੰਘ, ਬਲਵਿੰਦਰ ਸਿੰਘ ਬਿੱਲੂ ਚੋਮੋ, ਅਮਰੀਕ ਸਿੰਘ ਗੋਸਲਾਂ, ਵਰਿੰਦਰ ਸਿੰਘ ਬੇਰ ਕਲਾਂ, ਰਾਜ ਕੋਮਲ ਸਿੰਘ ਜੰਡਾਲੀ ਆਦਿ ਹਾਜ਼ਰ ਸਨ |