ਪਾਇਲ, 8 ਦਸੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਬਰਮਾਲੀਪੁਰ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਬੀਬੀ ਚਰਨਜੀਤ ਕੌਰ ਪਤਨੀ ਰਣਜੀਤ ਸਿੰਘ ਨੋਨਾ ਨੂੰ ਜਿਤਾਉਣ ਲਈ ਪਿੰਡ ਬਰਮਾਲੀਪੁਰ ਵਿਖੇ ਅਕਾਲੀ ਵਰਕਰਾਂ ਤੇ ਨਗਰ ਨਿਵਾਸੀਆਂ ਦੀ ਭਰਵੀਂ ਮੀਟਿੰਗ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ | ਇਸ ਮੌਕੇ ਹਲਕਾ ਪਾਇਲ ਦੇ ਇੰਚਾਰਜ ਜਥੇ. ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਹਲਕਾ ਪਾਇਲ ਅੰਦਰ ਅਕਾਲੀ ਦਲ ਬਹੁਤ ਹੀ ਮਜ਼ਬੂਤੀ ਵੱਲ ਵੱਧ ਰਿਹਾ ਹੈ | ਜਿਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਅਕਾਲੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਕੇ ਇਤਿਹਾਸ ਸਿਰਜਣਗੇ | ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੀ ਹੀ ਨਿਡਰਤਾ ਨਾਲ ਸੂਬਾ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਵਰਕਰਾਂ ਨਾਲ ਚਟਾਨ ਵਾਂਗ ਖੜ੍ਹ ਕੇ ਸੂਬੇ ਦੇ ਹਿੱਤਾਂ ਖ਼ਾਤਰ ਸੰਘਰਸ਼ ਕਰਨ ਲਈ ਜੁਟੇ ਹੋਏ ਹਨ | ਇਸ ਮੌਕੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਤੂਰ, ਸਾਬਕਾ ਸਰਪੰਚ ਸੁਖਪਾਲ ਸਿੰਘ ਪਾਲੀ, ਟਕਸਾਲੀ ਆਗੂ ਹਰਪ੍ਰੀਤ ਸਿੰਘ ਤੇ ਹੋਰ ਆਗੂਆਂ ਨੇ ਰਣਜੀਤ ਸਿੰਘ ਨੋਨਾ ਦੀ ਪਤਨੀ ਚਰਨਜੀਤ ਕੌਰ ਮੌਜੂਦਾ ਪੰਚਾਇਤ ਮੈਂਬਰ ਨੂੰ ਬਲਾਕ ਸੰਮਤੀ ਦੀ ਟਿਕਟ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਚਰਨਜੀਤ ਕੌਰ ਨੂੰ ਪਿੰਡ ਬਰਮਾਲੀਪੁਰ ਤੋਂ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ | ਇਸ ਸਮੇਂ ਚੇਅਰਮੈਨ ਰਣਜੀਤ ਸਿੰਘ ਨੋਨਾ ਨੇ ਸਮੁੱਚੀ ਅਕਾਲੀ ਲੀਡਰਸ਼ਿਪ, ਪਿੰਡ ਦੇ ਸਾਬਕਾ ਸਰਪੰਚਾਂ, ਪੰਚਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਪੁਰਜ਼ੋਰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ | ਉਹ ਵੀ ਪੂਰੀ ਮਿਹਨਤ ਨਾਲ ਚੋਣ ਮੁਹਿੰਮ ਦਾ ਹਿੱਸਾ ਬਣ ਕੇ ਜਿੱਤ ਪਾਰਟੀ ਦੀ ਝੋਲੀ ਵਿੱਚ ਜਿੱਤ ਪਾਉਣਗੇ | ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਸ਼ੋ੍ਰਮਣੀ ਕਮੇਟੀ ਮੈਂਬਰ ਨੇ ਕਿਹਾ ਬਰਮਾਲੀਪੁਰ, ਮਲੀਪੁਰ ਅਤੇ ਬਿਸ਼ਨਪੁਰਾ ਵਿਖੇ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਮਿਲ ਰਹੇ ਭਰਵਾਂ ਹੁੰਗਾਰਾ ਮਿਲਣ ਤੋਂ ਸਾਫ਼ ਦਿੱਖ ਰਿਹਾ ਹੈ ਕਿ ਅਕਾਲੀ ਦਲ ਸ਼ਾਨਦਾਰ ਜਿੱਤ ਦਰਜ ਕਰੇਗਾ | ਇਸ ਸਮੇਂ ਸਰਕਲ ਪ੍ਰਧਾਨ ਵਿਪਨ ਸੇਠੀ, ਸਾਬਕਾ ਪੰਚ ਜਗਬੀਰ ਸਿੰਘ ਜੱਗਾ, ਸਾਬਕਾ ਪੰਚ ਦਰਸ਼ਨ ਸਿੰਘ, ਸਾਬਕਾ ਪੰਚ ਜਰਨੈਲ ਸਿੰਘ, ਹਰਪਾਲ ਸਿੰਘ ਪਾਲਾ, ਨਗਰ ਨਿਵਾਸੀ ਅਤੇ ਬੀਬੀਆਂ ਹਾਜ਼ਰ ਸਨ | ਅਕਾਲੀ ਆਗੂਆਂ ਨੇ ਘਰ ਘਰ ਲੋਕਾਂ ਨਾਲ ਸੰਪਰਕ ਵੀ ਕੀਤਾ |