26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਦੀ ਕੁੱਟਮਾਰ

ਅਜੀਤ ਡੈਸਕ 19-11-2025
ਮਲੌਦ, 18 ਨਵੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਪ ਆਗੂ ਰਛਪਾਲ ਸਿੰਘ ਪਾਲਾ ਦੀ ਅੱਜ ਸੋਮਲ ਪਿ੍ੰਟਰਜ਼ ਮਲੌਦ ਸਬ ਤਹਿਸੀਲ ਮਲੌਦ ਦੇ ਸਾਹਮਣੇ ਕੁੱਟਮਾਰ ਕੀਤੀ ਗਈ | ਇਸ ਝਗੜੇ ਸਬੰਧੀ ਰਛਪਾਲ ਸਿੰਘ ਵੱਲੋਂ ਆਪਣੇ ਬਿਆਨਾ ਵਿਚ ਦੱਸਿਆ ਗਿਆ ਕਿ ਉਹ ਸਬ ਤਹਿਸੀਲ ਮਲੌਦ ਵਿਖੇ ਉਨ੍ਹਾਂ ਨਾਲ ਕੀਤੀ ਗਾਲੀ ਗਲੋਚ ਸਬੰਧੀ ਦਰਖਾਸਤ ਲਿਖਵਾਉਣ ਜਾ ਰਿਹਾ ਸੀ ਤਾਂ ਕਮਲਜੀਤ ਸਿੰਘ ਪੁੱਤਰ ਰਾਮ ਕਿ੍ਸਨ ਸਿੰਘ ਉਸ ਦੇ ਪੁੱਤਰ ਕਰਤਾਰ ਸਿੰਘ, ਮਨਪ੍ਰੀਤ ਸਿੰਘ, ਪੁੱਤਰੀ ਪਰਮਿੰਦਰ ਕੌਰ ਅਤੇ ਪਤਨੀ ਰਣਜੀਤ ਕੌਰ ਨੇ ਉਸ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਪਿੱਛੋਂ ਆ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਦਸਤਾਰ ਲਾਹੀ ਅਤੇ ਕੇਸ ਪੁੱਟੇ ਗਏ ਅਤੇ ਉਥੇ ਹਾਜ਼ਰ ਲੋਕਾਂ ਨੇ ਉਸ ਦਾ ਬਚਾਅ ਕੀਤਾ | ਇਸੇ ਤਰ੍ਹਾਂ ਦੂਸਰੀ ਧਿਰ ਦੇ ਕਮਲਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੋਸ਼ ਲਗਾਇਆ ਕਿ ਪਹਿਲਾਂ ਵੀ ਉਨ੍ਹਾਂ ਨਾਲ ਉਕਤ ਕੌਂਸਲਰ ਵੱਲੋਂ ਜ਼ਿਆਦਤੀ ਕੀਤੀ ਗਈ ਸੀ, ਹੁਣ ਫਿਰ ਉਨ੍ਹਾਂ ਦੀ ਲੜਕੀ ਦੀ ਦੁਕਾਨ 'ਤੇ ਜਾ ਕੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਸਮੇਤ ਵਧੀਕੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਾਡੇ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਸੀ, ਜਿਸ ਦੀ ਵੀਡੀਓ ਉਨ੍ਹਾਂ ਸੀ. ਐਮ. ਦਫ਼ਤਰ ਅਤੇ ਉਚ ਪੁਲਿਸ ਅਧਿਕਾਰੀਆਂ ਨੂੰ ਵੀ ਭੇਜੀ ਸੀ | ਅੱਜ ਵੀ ਮਾਰਕਿਟ ਵਿੱਚ ਜਿੱਥੇ ਬਾਕੀਆਂ ਦੇ ਪੱਕੇ ਨਜਾਇਜ਼ ਕਬਜ਼ੇ ਜਿਉਂ ਦੇ ਤਿਉਂ ਹਨ, ਉਥੇ ਸਾਡੇ ਇੱਕ ਬੋਰਡ ਨੂੰ ਉਤਾਰਨ ਲਈ ਹੰਗਾਮਾ ਕੀਤਾ ਗਿਆ ਜਿਸ ਦੌਰਾਨ ਕਹਾ ਸੁਣੀ ਤੋਂ ਮਾਮਲਾ ਹੱਥੋਪਾਈ 'ਤੇ ਪਹੁੰਚ ਗਿਆ | ਉਕਤ ਮਾਮਲੇ ਵਿੱਚ ਕੌਂਸਲਰ ਰਛਪਾਲ ਸਿੰਘ ਪਾਲਾ ਅਤੇ ਦੂਸਰੀ ਧਿਰ ਦੀ ਲੜਕੀ ਪਰਮਿੰਦਰ ਕੌਰ ਦੋਵੇਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਗਏ | ਉਕਤ ਮਾਮਲੇ ਵਿੱਚ ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਦੋਨਾਂ ਧਿਰਾਂ ਦੇ ਬਿਆਨਾ ਤੋਂ ਬਾਅਦ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |
ਕੀ ਕਹਿਣਾ ਹਲਕਾ ਵਿਧਾਇਕ ਦਾ-
ਆਪ ਆਗੂ ਅਤੇ ਸੀ. ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਦਾ ਹਾਲ ਚਾਲ ਪੁੱਛਣ ਪੁੱਜੇ ਹਲਕਾ ਵਿਧਾਇਕ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 'ਬੰਦੇ ਬਣਜੋ, ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ' | ਉਨ੍ਹਾਂ ਪੁਲਿਸ ਨੂੰ ਵੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ |
ਕੀ ਕਹਿਣਾ ਸਾਬਕਾ ਵਿਧਾਇਕ ਲੱਖਾ ਦਾ-
ਇਸ ਸਬੰਧੀ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਰਛਪਾਲ ਸਿੰਘ ਪਾਲਾ ਉਨ੍ਹਾਂ ਦੇ ਪੁਰਾਣੀ ਸਾਥੀ ਹਨ ਤੇ ਉਨ੍ਹਾਂ ਨਾਲ ਹੋਈ ਕੁੱਟਮਾਰ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਉਹ ਇਸ ਘੜੀ ਵਿੱਚ ਰਛਪਾਲ ਸਿੰਘ ਪਾਲਾ ਨਾਲ ਡਟ ਕੇ ਖੜ੍ਹਨ ਲਈ ਤਿਆਰ ਹਨ |
ਪਿਛਲੀ ਖ਼ਬਰ ਗੁ: ਸਰਬ ਧਰਮ ਪ੍ਰਕਾਸ਼ ਦੇ ਲੈਂਟਰ ਪਾਏ ਅਗਲੀ ਖ਼ਬਰ ਘਵੱਦੀ ਸਕੂਲ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।