ਖੰਨਾ, 6 ਨਵੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਸਕੱਤਰ ਮੋਹਨ ਸਿੰਘ ਸੰਭੂ ਅਤੇ ਸਹਾਇਕ ਸਕੱਤਰ ਹਰਜਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਪੈਨਸ਼ਨ ਅੇੈਸੋਸ਼ੀਏਸਨ ਮੰਡਲ ਵਰਕਿੰਗ ਕਮੇਟੀ ਖੰਨਾ ਦੀ ਜ਼ਰੂਰੀ ਮੀਟਿੰਗ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਅੱਜ ਤੱਕ ਵਿੱਛੜੇ ਯੂਨੀਅਨ ਦੇ ਅਹੁਦੇਦਾਰਾਂ, ਮੈਂਬਰਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੱਕਾਂ ਲਈ ਸੰਘਰਸ਼ ਕਰ ਰਹੇ ਮਿਹਨਤੀ ਲੋਕਾਂ ਦੇ ਸਦੀਵੀ ਵਿਛੋੜਾ ਦੇਣ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਮਿਤੀ 7.11.25. ਨੂੰ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪਟਿਆਲਾ ਵਿਖੇ ਪਾਵਰਕਾਮ ਅਤੇ ਟਰਾਂਸਕੋ ਦੇ ਮੁੱਖ ਦਫ਼ਤਰ ਅੱਗੇ ਪੈਨਸ਼ਨ ਦੀਆਂ ਮੰਗਾਂ ਨੂੰ ਮਨਾਉਣ ਦਿੱਤੇ ਜਾ ਰਹੇ ਧਰਨੇ ਵਿੱਚ ਖੰਨਾ ਦੇ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾਉਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ, ਬਿਜਲੀ ਬਿੱਲ 25 ਦੀ ਤਜਵੀਜ਼ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕੀਤੀ ਗਈ | ਇਸ ਮੌਕੇ ਵਰਿਆਮ ਸਿੰਘ, ਦਲਵਾਰ ਸਿੰਘ, ਜਗਦੇਵ ਸਿੰਘ, ਮੋਹਨ ਲਾਲ, ਸੁਰਿੰਦਰ ਕੁਮਾਰ ਕੌਂਸਲ, ਸ਼ੇਰ ਸਿੰਘ ਆਦਿ ਨੇ ਚੇਤਾਵਨੀ ਦਿੱਤੀ ਅਗਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਲਾਗੂ ਨਾ ਕੀਤੀਆਂ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |