ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਇਹਨਾਂ ਦਾ ਤੀਜਾ ਸਾਥੀ ਫ਼ਰਾਰ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਕਰਨ ਸਿੰਘ ਵਾਸੀ ਪ੍ਰੀਤ ਨਗਰ ਮਾਨਵ ਕੇਂਦਰ, ਫ਼ਤਿਹਗੜ੍ਹ ਸਾਹਿਬ ਅਤੇ ਸੁਖਵੀਰ ਸਿੰਘ ਸੱਖਾ ਵਾਸੀ ਰਾਜਗੜ੍ਹ ਛੰਨਾ (ਅਮਲੋਹ) ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟਿਆ ਮੋਟਰਸਾਈਕਲ ਅਤੇ ਅਪਰਾਧ ਵਿੱਚ ਵਰਤਿਆ ਗਿਆ ਐਕਟਿਵਾ ਸਕੂਟਰ ਬਰਾਮਦ ਕਰ ਲਿਆ ਹੈ | ਸਦਰ ਥਾਣਾ ਦੇ ਐਸ. ਐਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੂਰਜ ਚੌਧਰੀ, ਵਾਸੀ ਗੁਰੂ ਤੇਗ ਬਹਾਦਰ ਨਗਰ, ਖੰਨਾ ਦੀ ਸ਼ਿਕਾਇਤ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ ਰਾਤ ਸਮੇਂ ਆਪਣੇ ਢਾਬੇ ਵੱਲ ਜਾ ਰਿਹਾ ਸੀ, ਜਦ ਉਹ ਅਲੌੜ ਪਿੰਡ ਦੀ ਪੁਲੀ ਹੇਠਾਂ ਪਹੁੰਚਿਆ ਤਾਂ ਐਕਟਿਵਾ 'ਤੇ ਸਵਾਰ ਤਿੰਨ ਨੌਜਵਾਨ ਉਸ ਦੇ ਕੋਲ ਆਏ | ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿਚ ਤਲਵਾਰ ਸੀ ਤੇ ਦੂਜੇ ਕੋਲ ਡੰਡਾ ਸੀ | ਪੁਲਿਸ ਨੇ ਕਿਹਾ ਹੈ ਕਿ ਇਹ ਲੋਕ ਨਿਹੰਗ ਪਹਿਰਾਵੇ ਵਿਚ ਸਨ | ਘਟਨਾ ਤੋਂ ਬਾਅਦ ਸੂਰਜ ਨੂੰ ਗੰਭੀਰ ਹਾਲਤ ਵਿੱਚ ਪੀ. ਜੀ. ਆਈ. ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ | ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਇਲਾਕੇ ਦੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਗਾਲੀ | ਇਸ ਦੌਰਾਨ ਮੁਖਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਕਰਨ ਸਿੰਘ ਫਤਿਹਗੜ੍ਹ ਸਾਹਿਬ ਦੇ ਇੱਕ ਕਾਲਜ ਵਿੱਚ ਡੀ-ਫਾਰਮੇਸੀ ਦਾ ਵਿਦਿਆਰਥੀ ਹੈ | ਐਸ. ਐਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਫਰਾਰ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ |