ਮਾਤਾ ਜਗਵੰਤ ਕੌਰ ਰਾਮਗੜ੍ਹ ਸਰਦਾਰਾਂ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਸਨੇਹੀਆਂ ਵਲੋਂ ਸ਼ਮੂਲੀਅਤ
ਅਜੀਤ ਡੈਸਕ
01-09-2025
ਮਲੌਦ, 31 ਅਗਸਤ (ਸਹਾਰਨ ਮਾਜਰਾ)- ਏਸ਼ੀਅਨ ਖੇਡਾਂ ਵਿਚ ਹਾਕੀ ਖਿਡਾਰੀ ਵਜੋਂ ਖੇਡਣ ਵਾਲੇ ਓਲੰਪੀਅਨ ਸਵਰਗੀ ਮੇਜਰ ਸਿੰਘ ਕੈਲੇ ਦੇ ਸੁਪਤਨੀ, ਸੁਰਿੰਦਰ ਸਿੰਘ ਰੋਜ਼ੀ ਕੈਲੇ ਅਤੇ ਸਵ. ਹਰਕੰਵਲ ਸਿੰਘ ਟੌਮ ਕੈਲੇ ਦੀ ਮਾਤਾ ਜਗਵੰਤ ਕੌਰ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ | ਉਨ੍ਹਾਂ ਨਮਿੱਤ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ | ਪੰਥ ਪ੍ਰਸਿੱਧ ਰਾਗੀ ਜਥੇ. ਵਲੋਂ ਜਿੱਥੇ ਮਾਤਾ ਜੀ ਦੇ ਪ੍ਰਥਾਏ ਉਨ੍ਹਾਂ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਗਏ | ਉੱਥੇ ਹੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਇੱਕ ਇੱਕ ਸ਼ਬਦ ਰਾਹੀਂ ਜੀਵਨ ਦੇ ਅਸਲ ਮਨੋਰਥ ਬਾਰੇ ਜਾਗਰੂਕ ਕੀਤਾ ਕਿ ਮਨੁੱਖ ਕੋਲ ਕੇਵਲ ਆਪਣੇ ਸਵਾਰਥ ਲਈ ਹੀ ਜ਼ਿੰਦਗੀ ਨਾ ਬਤੀਤ ਕਰਦਾ ਰਹੇ | ਸਗੋਂ ਗੁਰੂ ਸਾਹਿਬ ਵਲੋਂ ਦਿੱਤੇ ਫ਼ਲਸਫ਼ੇ ਅਨੁਸਾਰ ਬਾਣੀ ਬਾਣੇ ਦਾ ਧਾਰਨੀ ਬਣ ਕੇ ਸਮਾਜ ਲਈ ਕੁੱਝ ਯੋਗਦਾਨ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ | ਇਸ ਉਪਰੰਤ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਟਿੱਲੂ ਨੇ ਮਾਤਾ ਜਗਵੰਤ ਕੌਰ ਨੂੰ ਸ਼ਰਧਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਮਾਤਾ ਜੀ ਅਜੋਕੇ ਸਮਾਜ ਲਈ ਇੱਕ ਬਹੁਤ ਵੱਡੇ ਪੇ੍ਰਰਨਾ ਸੋ੍ਰਤ ਸਨ | ਜਿਨ੍ਹਾਂ ਜਿੱਥੇ ਬਤੌਰ ਅਧਿਆਪਕਾ ਸਰਕਾਰੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ | ਉੱਥੇ ਪਰਿਵਾਰ ਅਤੇ ਸਮਾਜ ਪ੍ਰਤੀ ਵੀ ਆਪਣੀ ਕਾਬਲੀਅਤ ਰਾਹੀਂ ਅਗਾਂਹਵਧੂ ਵਿਚਾਰਧਾਰਾ ਰਾਹੀਂ ਉਸਾਰੂ ਭੂਮਿਕਾ ਅਦਾ ਕੀਤੀ | ਜਿਸ ਨਾਲ ਉਨ੍ਹਾਂ ਦਾ ਪਰਿਵਾਰ, ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ | ਉਨ੍ਹਾਂ ਕਿਹਾ ਕਿ ਤਿੰਨ ਧੀਆਂ, ਨੂੰਹ ਰਾਣੀਆਂ, ਸਪੁੱਤਰ, ਪੋਤਰੇ, ਦੋਹਤਰੇ ਸਭ ਪਰਿਵਾਰ ਮਾਤਾ ਜੀ ਦਾ ਬੇਹੱਦ ਪਿਆਰ ਸਤਿਕਾਰ ਕਰਦੇ ਸਨ | ਇਸ ਲਈ ਸਮਾਜ ਨੂੰ ਅਜਿਹੇ ਪਰਿਵਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ | ਜਿਨ੍ਹਾਂ ਵਿਚ ਬਜ਼ੁਰਗਾਂ, ਮਾਪਿਆਂ ਨੂੰ ਬਿਰਧ ਅਵਸਥਾ ਵਿੱਚ ਬਹੁਤ ਸਤਿਕਾਰ ਮਿਲਦਾ ਹੈ | ਟਿੱਲੂ ਨੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰ ਕੌਰ ਤੇ ਹਰਪ੍ਰੀਤ ਕੌਰ ਦੋਵੇਂ ਨੂੰਹਾਂ, ਜਰਨੈਲ ਸਿੰਘ ਕੈਲੇ, ਬਲਬੀਰ ਸਿੰਘ ਕੈਲੇ, ਜਗਜੀਤ ਕੌਰ, ਸਵਰਨਜੀਤ ਕੌਰ, ਕਮਲਜੀਤ ਕੌਰ (ਤਿੰਨੇ ਧੀਆਂ), ਨਿਰਭੈ ਸਿੰਘ ਕੈਲੇ, ਅਜੈ ਸਿੰਘ ਕੈਲੇ, ਬਿਕਰਮਜੀਤ ਸਿੰਘ ਕੈਲੇ ਤਿੰਨੇ ਪੋਤਰੇ, ਸੁਖਵਿੰਦਰ ਸਿੰਘ ਕੁਠਾਲਾ ਆਦਿ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਇੰਦਰਜੀਤ ਕੌਰ ਪੰਧੇਰ, ਸੀ. ਵੈਟਰਨਰੀ ਅਫ਼ਸਰ ਡਾ. ਚਰਨਜੀਤ ਸਿੰਘ ਪੰਧੇਰ, ਸੋਸ਼ਲ ਆਗੂ ਮਾ. ਜਗਤਾਰ ਸਿੰਘ ਜੱਗਾ ਸੋਮਲਖੇੜੀ, ਮਾ. ਮਨਿੰਦਰਪਾਲ ਸਿੰਘ ਝੰਮਟ, ਡੀ.ਐਸ.ਪੀ ਸਿਕੰਦਰ ਸਿੰਘ ਚੀਮਾ, ਅਸਿਸਟੈਂਟ ਡਾਇਰੈਕਟਰ ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਪਿ੍ੰ. ਸੁਰਜੀਤ ਸਿੰਘ ਕਾਲੀਆ, ਕੁਲਜਿੰਦਰ ਸਿੰਘ ਮਾਂਗੇਵਾਲ, ਪ੍ਰਧਾਨ ਸਿੰਘ ਸੋਮਲ, ਬਲਜੀਤ ਸਿੰਘ ਬੀਤੀ, ਦੀਪਕ ਜੈਨ, ਬਾਬਾ ਸਿੰਦਰਪਾਲ ਸਿੰਘ, ਪ੍ਰਬੰਧਕ ਕਮੇਟੀ ਪ੍ਰਧਾਨ ਮਾ. ਜੰਗ ਸਿੰਘ, ਡਾ. ਇਕਬਾਲ ਮੁਹੰਮਦ, ਲੈਕ. ਪਰਮਿੰਦਰ ਸਿੰਘ ਕਾਲੀਆ, ਅਮਨਦੀਪ ਪੰਧੇਰ ਸ/ਮਾਜਰਾ ਸਮੇਤ ਇਲਾਕੇ ਭਰ ਤੋਂ ਪੰਚ, ਸਰਪੰਚ, ਰਾਜਨੀਤਕ ਆਗੂ ਅਤੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਨੇਹੀਆਂ ਵਲੋਂ ਭਾਰੀ ਬਾਰਿਸ਼ ਦੌਰਾਨ ਵੀ ਸ਼ੋਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਮਾਤਾ ਜਗਵੰਤ ਕੌਰ ਨੂੰ ਸਤਿਕਾਰ ਭੇਟ ਕਰਦਿਆਂ ਕੈਲੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ | ਪਰਿਵਾਰ ਵਲੋਂ ਸਿੱਖਿਆ ਸੰਸਥਾਵਾਂ, ਧਾਰਮਿਕ ਅਸਥਾਨਾਂ ਅਤੇ ਸਪੋਰਟਸ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ |