ਤਲਵੰਡੀ ਸਾਬੋ, 20 ਨਵੰਬਰ (ਰਣਜੀਤ ਸਿੰਘ ਰਾਜੂ)-ਉਡਾਨ ਐਜੂਕੇਸ਼ਨ ਐਸੋਸੀਏਸ਼ਨ, ਤਲਵੰਡੀ ਸਾਬੋ ਵਲੋਂ ਸਲਾਨਾ ਸਨਮਾਨ ਸਮਾਰੋਹ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸੈਸ਼ਨ 2024-25 ਦੌਰਾਨ ਦਸਵੀਂ ਅਤੇ ਬਾਰਵੀਂ ਜਮਾਤਾਂ 'ਚੋਂ ਮੈਰਿਟ 'ਚ ਸਥਾਨ ਬਣਾਉਣ ਵਾਲੇ 40 ਦੇ ਲਗਭਗ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਸਮਾਜ ਸੇਵਾ ਅਤੇ ਸਿੱਖਿਆ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਕੁਝ ਚੋਣਵੇਂ ਸੇਵਾਮੁਕਤ ਅਧਿਆਪਕ ਵੀ ਸਨਮਾਨੇ ਗਏ | ਉਡਾਨ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਉਕਤ ਸਮਾਰੋਹ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ | ਉਨ੍ਹਾਂ ਨੇ ਸਨਮਾਨਿਤ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਨ ਲਗਾ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ, ਉਡਾਨ ਐਸੋਸੀਏਸ਼ਨ ਦੇ ਮੈਂਬਰ ਹਰਬੰਸ ਸਿੰਘ ਸੰਧੂ ਸੇਵਾਮੁਕਤ ਡੀ ਪੀ ਆਈ ਪੰਜਾਬ, ਡਾ: ਬੂਟਾ ਸਿੰਘ ਸਾਬਕਾ ਉਪ ਕੁਲਪਤੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ, ਕੇਹਰ ਸਿੰਘ ਸੰਧੂ ਸੇਵਾਮੁਕਤ ਐਸ ਡੀ ਓ, ਕੇਸਰ ਸਿੰਘ ਡੀ.ਪੀ, ਮੱਖਣ ਸਿੰਘ ਨੈਸ਼ਨਲ ਐਵਾਰਡੀ, ਚਿਮਨ ਲਾਲ ਲੈਕਚਰਾਰ, ਲਛਮਣ ਸਿੰਘ ਠੇਕੇਦਾਰ, ਗੁਰਜੰਟ ਸਿੰਘ ਲੈਕਚਰਾਰ, ਅਮਰਜੀਤ ਸਿੰਘ ਲੈਕਚਰਾਰ, ਹਾਕਮ ਸਿੰਘ ਪ੍ਰਧਾਨ, ਰੂਪ ਸਿੰਘ ਸਿੱਧੂ ਅਤੇ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਉਨ੍ਹਾਂ ਨੇ ਸੇਵਾਮੁਕਤ ਅਧਿਆਪਕਾਂ ਕੁਲਬੀਰ ਕੌਰ ਪਿ੍ੰਸੀਪਲ, ਕਰਨੈਲ ਸਿੰਘ ਹੈੱਡ ਟੀਚਰ, ਬੰਤ ਸਿੰਘ ਨੰਗਲਾ ਮੁੱਖ ਅਧਿਆਪਕ, ਗੁਰਜੀਤ ਸਿੰਘ ਢਿੱਲੋਂ ਮੁੱਖ ਅਧਿਆਪਕ, ਕਰਮਜੀਤ ਕੌਰ ਡਰਾਇੰਗ ਟੀਚਰ ਨੂੰ ਉਨ੍ਹਾਂ ਦੀਆਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਲਈ ਸਨਮਾਨਿਤ ਕੀਤਾ | ਸਮਾਗਮ ਦੌਰਾਨ ਜਸ਼ਨਦੀਪ ਸਿੰਘ ਤੁੰਗਵਾਲੀ ਨੂੰ ਐਥਲੈਟਿਕਸ ਮੁਕਾਬਲਿਆਂ ਵਿਚ ਸੂਬਾ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਕਰਨ ਤੇ ਸਨਮਾਨਿਆ ਗਿਆ | ਅੰਤ ਵਿਚ ਪ੍ਰੋ: ਸ਼ਾਲਿਨੀ ਸਹਿਗਲ, ਪ੍ਰੋ: ਰਾਜਨਦੀਪ ਕੌਰ, ਡਾ: ਸਪਨਜੀਤ ਕੌਰ ਅਤੇ ਪ੍ਰੋ: ਪੁਸ਼ਪਿੰਦਰ ਕੌਰ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਉਡਾਨ ਕਮੇਟੀ ਨੇ ਸਮਾਗਮ 'ਚ ਸਹਿਯੋਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਸੁਖਰਾਜ ਸਿੰਘ ਸੰਦੋਹਾ ਨੇ ਬਾਖੂਬੀ ਨਿਭਾਈ |