ਰਾਮਾਂ ਮੰਡੀ, 20 ਨਵੰਬਰ (ਤਰਸੇਮ ਸਿੰਗਲਾ)-'ਆਪ' ਸਰਕਾਰ ਪੰਜਾਬ ਆਪਣੇ ਸਾਢੇ ਤਿੰਨ ਸਾਲ ਦੇ ਰਾਜਕਾਲ ਦੌਰਾਨ ਰਾਮਾਂ ਮੰਡੀ ਦੀ ਸੀਵਰੇਜ ਸਮੱਸਿਆ ਦਾ ਹੱਲ ਨਹੀਂ ਕਰਵਾ ਸਕੀ, ਜਿਸ ਕਾਰਨ ਬਾਘਾ ਰੋਡ, ਰਾਮਸਰਾ ਰੋਡ, ਨਹਿਰੀ ਕੋਠੀ ਰੋਡ ਤੋਂ ਇਲਾਵਾ ਕਈ ਹੋਰ ਮੁਹੱਲਿਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਛੱਪੜਾਂ ਦੇ ਰੂਪ ਵਿਚ ਖੜ੍ਹਾ ਰਹਿੰਦਾ ਹੈ | ਬਾਘਾ ਰੋਡ ਦੇ ਨਿਵਾਸੀਆਂ ਨੇ ਕਾਰਜ ਸਾਧਕ ਅਫ਼ਸਰ ਅਤੇ ਸਥਾਨਕ ਸਰਕਾਰ ਮੰਤਰੀ ਨੂੰ ਪੱਤਰ ਭੇਜ ਕੇ ਸੀਵਰੇਜ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਸਾਰਾ ਸ਼ਹਿਰ ਡੇਂਗੂ, ਮਲੇਰੀਆ, ਪੀਲੀਆ ਦਾ ਸੰਤਾਪ ਭੋਗ ਰਿਹਾ ਹੈ | ਲੋਕਾਂ ਦੀ ਮਿਹਨਤ ਮਜ਼ਦੂਰੀ ਦੀ ਕਮਾਈ ਬਿਮਾਰੀਆਂ ਦੇ ਇਲਾਜ 'ਤੇ ਖਰਚ ਹੋ ਰਹੀ ਹੈ | ਜਦੋਂਕਿ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜੋ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਕਹਾਵਤ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਿਹਤ ਵਿਭਾਗ ਦੇ ਕਰਮਚਾਰੀ ਘਰ ਘਰ ਜਾ ਕੇ ਲੋਕਾਂ ਦੇ ਡੇਂਗੂ, ਮਲੇਰੀਆ ਰੋਗ ਦੇ ਸੈਂਪਲ ਲੈ ਕੇ ਜਾਂਚ ਕਰ ਰਹੇ ਹਨ, ਦੂਜੇ ਪਾਸੇ ਸੀਵਰੇਜ ਦੇ ਪਾਣੀ ਦਾ ਹੱਲ ਨਾ ਕਰਕੇ ਡੇਂਗੂ, ਮਲੇਰੀਆ ਫ਼ੈਲਾਇਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ 25 ਨਵੰਬਰ ਤੱਕ ਸੀਵਰੇਜ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਬਾਘਾ ਰੋਡ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ |