ਬਠਿੰਡਾ, 17 ਜੁਲਾਈ (ਵੀਰਪਾਲ ਸਿੰਘ)-ਝੋਨਾ ਕਾਸ਼ਤਕਾਰ ਕਿਸਾਨ 2025 ਦੇ ਝੋਨਾ ਲਗਾਉਣ ਦੇ ਸੀਜਨ ਵਿਚ ਆਪਣੇ ਖੇਤਾਂ ਵਿਚ ਡੀ. ਏ. ਪੀ. ਖਾਦ ਪਾਉਣ ਤੋਂ ਵਾਂਝੇ ਰਹਿਣ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ | 'ਅਜੀਤ' ਵਲੋਂ ਝੋਨਾ ਕਾਸ਼ਤਕਾਰ ਕਿਸਾਨਾਂ ਨਾਲ ਆਪਣਾ ਰਾਬਤਾ ਬਣਾਕੇ ਗੱਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਡੀ ਏ ਪੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਡੀ. ਏ ਪੀ ਖਾਦ ਦੇ ਬਦਲਵੇਂ ਪ੍ਰਬੰਧਾਂ ਦੇ ਤੌਰ 'ਤੇ ਝੋਨੇ ਵਿਚ ਸੁਪਰ ਅਤੇ ਬਾਰਾਂ ਬੱਤੀ ਖਾਦ ਦੀ ਵਰਤੋਂ ਕਰਕੇ ਆਪਣਾ ਕੰਮ ਚਲਾਉਣਾ ਪਿਆ | ਦੂਸਰੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੀ. ਏ. ਪੀ. ਖਾਦ ਦੀ ਘਾਟ ਨੂੰ ਪੂਰਾ ਕਰਨ ਲਈ ਸੂਬੇ ਵਿਚ ਘਟੀਆ ਮਿਆਰ ਦੀ ਡੀ. ਏ. ਪੀ. ਖਾਦ ਦੇ ਜਾਅਲੀ ਬੈਗ ਬਜ਼ਾਰਾਂ ਵਿਚ ਕਿਸਾਨਾਂ ਨੂੰ ਵੇਚੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਇਸ ਤੋਂ ਇਲਾਵਾ ਖਾਦ ਵਿਕਰੇਤਾਵਾਂ ਵਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਨਾਲ ਬੇਲੋੜਾ ਸਾਮਾਨ ਵੇਚ ਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਗਈ ਹੈ | ਡੀ. ਏ. ਪੀ. ਖਾਦ ਦੀ ਪੂਰਤੀ ਨਾ ਹੋਣ ਦੇ ਨਾਲ ਜਾਅਲੀ ਖਾਦ ਦੀ ਵਰਤੋਂ ਕੀਤੇ ਜਾਣ ਨਾਲ ਝੋਨੇ ਦਾ ਝਾੜ ਘੱਟ ਰਹਿ ਸਕਦਾ ਹੈ | ਇਸ ਵਾਰ ਪੰਜਾਬ ਦੇ ਕਿਸਾਨਾਂ ਵਲੋਂ 32 ਲੱਖ ਹੈਕਟੇਅਰ ਦੇ ਕਰੀਬ ਝੋਨੇ ਦੀ ਲੁਆਈ ਕੀਤੇ ਜਾਣ ਦੇ ਅਨੁਮਾਨ ਹਨ | ਝੋਨੇ ਦੀ ਲੁਆਈ ਆਖ਼ਰੀ ਪੜ੍ਹਾਅ ਵਿਚ ਪੁੱਜ ਚੁੱਕੀ ਹੈ | ਸਾਉਣ ਮਹੀਨੇ 'ਚ ਸ਼ੁਰੂ ਹੋਈ ਬਰਸਾਤ ਕਰਕੇ ਝੋਨੇ ਦੀਆਂ ਪਛੇਤੀਆਂ ਕਿਸਮਾਂ ਅਤੇ ਬਾਸਮਤੀ ਦੀ ਲੁਆਈ 2 ਤੋਂ 3 ਹਫ਼ਤਿਆਂ ਤੱਕ ਪਛੜ ਸਕਦੀ ਹੈ | ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀ ਕਾਸ਼ਤ ਕਰਨ ਵਿਚ ਭਾਰੀ ਦਿਲਚਸਪੀ ਵਿਖਾਈ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਇਸ ਵਾਰ 10 ਲੱਖ ਹੈਕਟੇਅਰ ਖੇਤਰ ਵਿਚ ਬਾਸਮਤੀ ਦੀ ਲੁਆਈ ਦਾ ਟੀਚਾ ਮਿਥਿਆ ਹੈ | ਅੰਤਰਰਾਸ਼ਟਰੀ ਮੰਡੀ ਵਿਚ ਬਾਸਮਤੀ ਦੀ ਵੱਧ ਰਹੀ ਮੰਗ ਕਾਰਨ ਬਾਸਮਤੀ ਦੀ ਬਜ਼ਾਰੀ ਕੀਮਤ 3000 ਤੋਂ 5500 ਰੁਪਏ ਪ੍ਰਤੀ ਕੁਇੰਟਲ ਤੱਕ ਰਹੀ | ਪਿਛਲੇ ਵਰ੍ਹੇ ਬਾਸਮਤੀ ਤੋਂ ਚੰਗਾ ਮੁਨਾਫ਼ਾ ਹੋਣ ਕਰਕੇ ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀਆਂ ਚੰਗੀਆਂ ਕਿਸਮਾਂ 1509, 1121, 1692, 1718, 1847 ਆਦਿ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਚੰਗੀ ਗੁਣਵੱਤਾ ਅਤੇ ਬਾਸਮਤੀ ਦੀ ਲੁਆਈ ਦਾ ਸਰਕਾਰ ਵਲੋਂ ਮਿਥਿਆ ਗਿਆ ਟੀਚਾ ਪੂਰਾ ਹੋਣ ਦੀ ਸੰਭਾਵਨਾ ਵੱਧ ਗਈ ਹੈ | ਪ੍ਰਾਪਤ ਅੰਕੜਿਆਂ ਅਨੁਸਾਰ 2023 ਅਤੇ 23 ਵਿਚ ਬਾਸਮਤੀ ਥੱਲੇ ਰਕਬਾ 6.71 ਰਿਹਾ ਸੀ | ਸੂਬੇ 'ਚ ਅੰਮਿ੍ਤਸਰ, ਤਰਨਤਾਰਨ, ਮੁਕਤਸਰ, ਫ਼ਾਜ਼ਿਲਕਾ, ਸੰਗਰੂਰ ਵਿਚ ਬਾਸਮਤੀ ਦੀ ਲੁਆਈ ਦਾ ਰੁਝਾਣ ਸੂਬੇ ਭਰ 'ਚ ਵੱਧ ਰਿਹਾ ਹੈ |