ਭਗਤਾ ਭਾਈਕਾ, 17 ਜੁਲਾਈ (ਨਿੱਜੀ ਪੱਤਰ ਪ੍ਰੇਰਕ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈਕਾ ਦੀ ਮੀਟਿੰਗ ਹੋਈ | ਮੀਟਿੰਗ ਵਿਚ ਬਲਾਕ ਭਗਤਾ ਭਾਈਕਾ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ 90 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਚੰਗੇ ਨਤੀਜੇ ਵਾਲੇ ਸਕੂਲਾਂ ਅਤੇ ਝੁੱਗੀ-ਝੋਪੜੀ ਤੇ ਗੱਡੀਆਂ ਵਾਲੇ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਇਸ ਚੇਅਰਮੈਨ ਵੀਰਪਾਲ ਭਗਤਾ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ ਤੇ ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ ਨੇ ਦੱਸਿਆ ਕਿ ਪ੍ਰੈੱਸ ਕਲੱਬ ਵਲੋਂ ਹਰੇਕ ਸਾਲ ਬਲਾਕ ਭਗਤਾ ਭਾਈਕਾ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਵੀ ਅੱਠਵੀਂ, ਦਸਵੀ ਤੇ ਬਾਰ੍ਹਵੀਂ ਜਮਾਤ ਵਿਚੋਂ 90 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਕਲੱਬ ਦੇ ਚੇਅਰਮੈਨ ਪਰਵੀਨ ਗਰਗ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ ਨੇ ਕਿਹਾ ਕਿ ਇਲਾਕੇ ਵਿਚ ਇੱਕ ਚੰਗੀ ਤੇ ਉਸਾਰੂ ਪੱਤਰਕਾਰੀ ਦੇ ਨਾਲ ਨਾਲ ਕਲੱਬ ਵਲੋਂ ਪਿਛਲੇ ਦਸ ਸਾਲਾਂ ਤੋਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜਿਹੜੇ ਨਿਰੰਤਰ ਜਾਰੀ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਰਕਾਰੀ ਸਕੂਲਾਂ ਦੇ ਹੁਸਿਆਰ ਵਿਦਿਆਰਥੀਆਂ ਅਤੇ ਚੰਗੇ ਨਤੀਜੇ ਵਾਲੇ ਅਧਿਆਪਕਾਂ ਤੇ ਸਕੂਲਾਂ ਦਾ ਹੌਸਲਾ ਵਧਾਉਣ ਲਈ ਯਤਨ ਜਾਰੀ ਰਹਿਣਗੇ | ਇਸ ਸਮੇਂ ਪ੍ਰਧਾਨ ਸੁਖਪਾਲ ਸਿੰਘ ਸੋਨੀ, ਮੀਤ ਪ੍ਰਧਾਨ ਰਾਜਿੰਦਰਪਾਲ ਸ਼ਰਮਾ, ਸਕੱਤਰ ਹਰਜੀਤ ਸਿੰਘ ਗਿੱਲ ਤੇ ਖਜ਼ਾਨਚੀ ਸਿਕੰਦਰ ਸਿੰਘ ਜੰਡੂ ਆਦਿ ਹਾਜ਼ਰ ਸਨ |