‘ਪੰਜਾਬ ਬੰਦ’ ਦੇ ਸੱਦੇ ਤਹਿਤ ਇਤਿਹਾਸਕ ਨਗਰ ਤਲਵੰਡੀ ਸਾਬੋ ਰਿਹਾ ਮੁਕੰਮਲ ਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਵੱਖ-ਵੱਖ ਧਿਰਾਂ ਨੇ ਕੀਤੇ ਰੋਸ ਪ੍ਰਦਰਸ਼ਨ, ਕੁਝ ਆਗੂ ਲਏ ਹਿਰਾਸਤ ‘ਚ
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ)- ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ਇਨਸਾਫ਼ ਪਸੰਦ ਧਿਰਾਂ ਵਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਧਾਰਮਿਕ ਅਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਭਰਵਾਂ ਹੁੰਗਾਰਾ ਮਿਲਿਆ, ਜਿਸ ਦੇ ਮੱਦੇਨਜ਼ਰ ਸਮੁੱਚੇ ਵਪਾਰਕ ਅਦਾਰੇ ਬੰਦ ਰਹੇ। ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੇਤ ਵੱਖ-ਵੱਖ ਧਿਰਾਂ ਵਲੋਂ ਸੜਕਾਂ ਨੂੰ ਜਾਮ ਕਰਕੇ ਕੀਤੇ ਰੋਸ ਪ੍ਰਦਰਸ਼ਨਾਂ ਕਾਰਨ ਸੜਕੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ।
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ)- ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ਇਨਸਾਫ਼ ਪਸੰਦ ਧਿਰਾਂ ਵਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਧਾਰਮਿਕ ਅਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਭਰਵਾਂ ਹੁੰਗਾਰਾ ਮਿਲਿਆ, ਜਿਸ ਦੇ ਮੱਦੇਨਜ਼ਰ ਸਮੁੱਚੇ ਵਪਾਰਕ ਅਦਾਰੇ ਬੰਦ ਰਹੇ। ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੇਤ ਵੱਖ-ਵੱਖ ਧਿਰਾਂ ਵਲੋਂ ਸੜਕਾਂ ਨੂੰ ਜਾਮ ਕਰਕੇ ਕੀਤੇ ਰੋਸ ਪ੍ਰਦਰਸ਼ਨਾਂ ਕਾਰਨ ਸੜਕੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਅੱਜ ਨਗਰ ਦੇ ਨਿਸ਼ਾਨ ਏ ਖ਼ਾਲਸਾ ਚੌਕ ਜਮਹੂਰੀ ਕਿਸਾਨ ਸਭਾ, ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਸਮੇਤ ਭਰਾਤਰੀ ਜਥੇਬੰਦੀਆਂ ਨੇ ਧਰਨਾ ਲਾਇਆ, ਜਿਸ ਵਿਚ ਤਰਨਾ ਦਲ ਆਗੂ ਤੇ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਸਮੁੱਚੇ ਆਗੂਆਂ ਨੇ ਨਸ਼ਿਆਂ ਨੂੰ ਠੱਲ੍ਹ ਨਾ ਪਾ ਸਕਣ ਕਾਰਨ ਜਿੱਥੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ ਉੱਥੇ ਪਰਵਿੰਦਰ ਸਿੰਘ ਝੋਟੇ ਲਈ ਇਨਸਾਫ਼ ਦੀ ਮੰਗ ਕੀਤੀ। ਬਾਬਾ ਸਰਬਜੀਤ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਲੜਾਈ ‘ਚ ਨਿਹੰਗ ਜਥੇਬੰਦੀਆਂ ਪਰਿਵਾਰ ਦੇ ਨਾਲ ਡਟ ਕੇ ਖੜਨਗੀਆਂ। ਜਮਹੂਰੀ ਕਿਸਾਨ ਸਭਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ। ਉਕਤ ਪ੍ਰਦਰਸ਼ਨ ਨੂੰ ਬਸਪਾ ਦੇ ਮਾ.ਜਗਦੀਪ ਸਿੰਘ ਗੋਗੀ, ਕੌਂਸਲਰ ਸੁਖਦੇਵ ਸਿੰਘ, ਸਮਾਜ ਸੇਵੀ ਰੁਪਿੰਦਰ ਸਿੰਘ ਸਿੱਧੂ, ਜਗਦੇਵ ਜੱਜਲ ਆਦਿ ਨੇ ਸੰਬੋਧਨ ਕੀਤਾ, ਜਦੋਂਕਿ ਭਰਪੂਰ ਸਿੰਘ ਤੇ ਗੁਰਪ੍ਰੀਤ ਸਿੰਘ ਕੀਪਾ ਦੋਵੇਂ ਕੌਂਸਲਰਾਂ ਸਮੇਤ ਮੁਹਤਬਰ ਪ੍ਰਦਰਸ਼ਨ ‘ਚ ਸ਼ਾਮਿਲ ਦਿਖਾਈ ਦਿੱਤੇ। ਉੱਧਰ ਭਗਤ ਰਵੀਦਾਸ ਚੌਕ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਕੀਤੇ ਪ੍ਰਦਰਸ਼ਨ ‘ਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ, ਹਾਲਾਂਕਿ ਪਾਰਟੀ ਆਗੂਆਂ ਮੁਤਾਬਿਕ ਹਲਕੇ ਦੇ ਦੋ ਆਗੂਆਂ ਕੁਲਦੀਪ ਸਿੰਘ ਗੋਸਲ ਅਤੇ ਪ੍ਰਦੀਪ ਸਿੰਘ ਸੋਨੀ ਬਾਬਾ ਨੂੰ ਪੁਲਿਸ ਨੇ ਲੰਘੀ ਰਾਤ ਹੀ ਹਿਰਾਸਤ ‘ਚ ਲੈ ਲਿਆ ਸੀ ਤੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੇ ਵੀ ਨਾ ਪਹੁੰਚ ਸਕਣ ਕਾਰਨ ਉਕਤ ਪ੍ਰਦਰਸ਼ਨ ਬਿਨ੍ਹਾਂ ਆਗੂ ਦੇ ਪ੍ਰੰਤੂ ਪ੍ਰਭਾਵਸ਼ਾਲੀ ਹੋ ਨਿੱਬੜਿਆ। ਆਗੂ ਤੋਂ ਬਿਨ੍ਹਾਂ ਹੋਏ ਇਸ ਪ੍ਰਦਰਸ਼ਨ ‘ਚ ਸ਼ਾਮਿਲ ਨੌਜਵਾਨਾਂ ਦੀ ਐਂਬੂਲੈਂਸ ਵਰਗੇ ਜ਼ਰੂਰੀ ਵਾਹਨਾਂ ਨੂੰ ਰੋਕਣ ਕਰਕੇ ਪੁਲਿਸ ਨਾਲ ਤਕੜੀ ਬਹਿਸ ਵੀ ਹੋਈ, ਜਿਸ ਨਾਲ ਇਕ ਵਾਰ ਮਾਹੌਲ ਤਣਾਅਪੂਰਨ ਵੀ ਬਣਿਆ। ਉੱਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਮੁਤਾਬਿਕ ਦੋਵਾਂ ਪ੍ਰਦਰਸ਼ਨਾਂ ਲਈ ਲੰਗਰ ਤੇ ਹੋਰ ਵਸਤਾਂ ਦੇ ਪ੍ਰਬੰਧ ਕੀਤੇ ਗਏ ਜਦੋਂਕਿ ਸ਼੍ਰੋਮਣੀ ਕਮੇਟੀ ਦੇ ਅਦਾਰੇ ਵੀ ਰੋਸ ਵਜੋਂ ਬੰਦ ਰੱਖੇ ਗਏ।