03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਤਿੰਨ ਵਾਰ ਮਿਆਦ ਵਧਾਉਣ 'ਤੇ ਵੀ ਪਾਈਪ ਲਾਈਨ ਦਾ ਕੰਮ ਅਧੂਰਾ <br/>

ਅਜੀਤ ਡੈਸਕ 20-07-2025
ਭਗਤਾ ਭਾਈਕਾ, 19 ਜੁਲਾਈ (ਸੁਖਪਾਲ ਸਿੰਘ ਸੋਨੀ)-ਨਜ਼ਦੀਕੀ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਦਿੱਤੇ ਕਰੀਬ 3 ਕਰੋੜ ਦੀ ਲਾਗਤ ਨਾਲ ਵਾਟਰ ਵਰਕਸ ਦੀ ਪਾਈਪ ਲਾਈਨ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਠੇਕੇਦਾਰ ਦੇ ਕੰਮ 'ਤੇ ਸ਼ੰਕਾ ਪ੍ਰਗਟ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਚੀਫ਼ ਤੋਂ ਜਾਂਚ ਦੀ ਮੰਗ ਉਠਾਈ ਹੈ | ਸੰਬੰਧਿਤ ਠੇਕੇਦਾਰ ਵਲੋਂ ਕੰਮ ਪੂਰਾ ਹੋਣ ਦੀ ਮਿਆਦ 'ਚ ਤਕਰੀਬਨ ਤਿੰਨ ਵਾਰ ਵਾਧਾ ਕਰਨ 'ਤੇ ਵੀ ਕੰਮ ਮੁਕੰਮਲ ਨਾ ਹੋਣ 'ਤੇ ਪਿੰਡ ਵਾਸੀਆਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ | ਸੂਤਰਾਂ ਅਨੁਸਾਰ ਉਕਤ ਮਾਮਲੇ ਨੂੰ ਲੈ ਕੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਸਰਪੰਚ ਬੀਬੀ ਸੁਰਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਵਲੋਂ ਸੰਬੰਧਿਤ ਠੇਕੇਦਾਰ ਤੇ ਮਹਿਕਮੇ ਦੇ ਐਸ. ਡੀ. ਓ., ਜੇ. ਈ. ਨਾਲ ਵਾਟਰ ਵਰਕਸ ਕਮੇਟੀ ਤੇ ਸਮੂਹ ਗ੍ਰਾਮ ਪੰਚਾਇਤ ਦਿਆਲਪੁਰਾ ਮਿਰਜ਼ਾ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਉਨ੍ਹਾਂ ਦੇ ਕੰਮ 'ਚ ਪਾਈਆਂ ਗਈਆਂ ਤਰੁਟੀਆਂ ਤੋਂ ਉਨ੍ਹਾਂ ਨੂੰ ਜਾਣੂ ਵੀ ਕਰਵਾਇਆ | ਪਿੰਡ ਦੇ ਕੁਝ ਹਿੱਸੇ 'ਚ ਜਦੋਂ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਤਾਂ ਪਿੰਡ ਅੰਦਰ ਵਧੇਰੇ ਥਾਂਵਾਂ 'ਤੇ ਲੀਕ ਪਾਈਪਾਂ ਦੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ | ਅਜਿਹਾ ਹੋਣ ਕਾਰਨ ਪਿੰਡ ਦੀ ਫਿਰਨੀ ਵਾਲੀਆਂ ਸੜਕਾਂ 'ਤੇ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋ ਰਹੇ ਹਨ | ਪਿੰਡ ਅੰਦਰ ਮਹਿਕਮੇ ਤੇ ਠੇਕੇਦਾਰ ਦੀ ਕਥਿਤ ਅਣਗਹਿਲੀ ਕਾਰਨ ਕੁਝ ਕੁਨੈਕਸ਼ਨ ਅਧੂਰੇ ਹੋਣ ਕਾਰਨ ਪਾਣੀ ਨਾਲੀਆਂ ਵਿਚ ਪੈ ਰਿਹਾ ਹੈ | ਥਾਂ-ਥਾਂ ਪਾਈਪਾਂ ਲੀਕ ਹੋਣ ਕਾਰਨ ਹਾਦਸਿਆਂ ਦਾ ਵੀ ਡਰ ਬਣਿਆ ਹੋਇਆ ਹੈ | ਤੀਜੀ ਵਾਰ ਮਿਆਦ ਵੱਧਣ ਦੇ ਬਾਵਜੂਦ ਵੀ ਮਹਿਕਮੇ ਤੇ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਬੀਤੀ 3 ਜੁਲਾਈ 2025 ਨੂੰ ਠੇਕੇਦਾਰ ਵਲੋਂ ਕੰਮ ਮੁਕੰਮਲ ਨਹੀਂ ਕੀਤਾ | ਆਗੂਆਂ ਤੇ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ | ਸਮਾਜ ਸੇਵੀ ਗੁਰਸੇਵਕ ਸਿੰਘ ਸੋਨੀ, ਅਕਾਲੀ ਆਗੂ ਗੁਰਪਾਲ ਸਿੰਘ ਭੱਟੀ, ਹਰਜੀਤ ਸਿੰਘ ਦਰੋਗਾ, ਅਮਰਵੀਰ ਸਿੰਘ ਦਿਆਲਪੁਰਾ, ਜਸਪਾਲ ਕੌਰ ਪੰਚ, ਸਿਮਰਜੀਤ ਕੌਰ ਪੰਚ, ਹਰਪ੍ਰੀਤ ਸਿੰਘ ਪੰਚ, ਸੰਦੀਪ ਕੌਰ ਪੰਚ, ਹਰਵਿੰਦਰ ਸਿੰਘ ਪੰਚ, ਕੁਲਵੀਰ ਕੌਰ ਪੰਚ, ਰਣਜੀਤ ਸਿੰਘ ਪੰਚ ਆਦਿ ਪਿੰਡ ਵਾਸੀਆਂ ਵਲੋਂ ਉੱਚ ਅਧਿਕਾਰੀਆਂ ਪਾਸੋਂ ਪਿੰਡ ਦੇ ਵਾਟਰ ਵਰਕਸ ਦਾ ਕੰਮ ਤੁਰੰਤ ਮੁਕੰਮਲ ਕਰਵਾਉਣ ਤੇ ਠੇਕੇਦਾਰ ਵਲੋਂ ਕੰਮ ਦੌਰਾਨ ਵਰਤੇ ਮਟੀਰੀਅਲ ਪਾਈਪਾਂ, ਫ਼ਿਟਿੰਗ ਤੇ ਕੁਨੈਕਸ਼ਨ ਪਾਈਪਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ | ਸੰਬੰਧਤ ਠੇਕੇਦਾਰ ਨਾਲ ਮੋਬਾਈਲ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਠੇਕੇਦਾਰ ਰੁਝੇਵੇਂ ਵਿਚ ਹੋਣ ਕਾਰਨ ਰਾਬਤਾ ਹੋ ਨਹੀਂ ਸਕਿਆ |

ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮਾਲਵਾ ਕਾਲਜ ਬਠਿੰਡਾ ਦੀ ਬੀ. ਸੀ. ਏ. ਭਾਗ ਪਹਿਲਾ, ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।