ਬਠਿੰਡਾ, 19 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਕਾਲਜ ਬਠਿੰਡਾ ਦੀ ਬੀ. ਸੀ. ਏ. ਭਾਗ ਪਹਿਲਾ, ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਕਰਵਾਏ ਇਮਤਿਹਾਨਾਂ 'ਚ 100 ਫੀਸਦੀ ਨਤੀਜਾ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਰਵਨੀਤ ਕੌਰ ਨੇ 78.8 ਫੀਸਦੀ ਅੰਕਾਂ ਨਾਲ ਕਾਲਜ ਵਿਚ ਪਹਿਲਾ, ਤਨੀਸ਼ਾ ਨੇ 78.5 ਫੀਸਦੀ ਅੰਕਾਂ ਨਾਲ ਦੂਜਾ ਤੇ ਨਵਜੋਤ ਕੌਰ ਨੇ 76.5 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਉਪਲੱਬਧੀ 'ਤੇ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਲਗਨ ਅਤੇ ਕਠਿਨ ਮਿਹਨਤ ਲਈ ਦਿਲੋਂ ਮੁਬਾਰਕਬਾਦ ਦਿੱਤੀ | ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਕਾਲਜ ਪ੍ਰਬੰਧਕ ਮੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਅਕਾਦਮਿਕ ਢਾਂਚਾ ਉਪਲੱਬਧ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਇਹ ਵੀ ਜਤਾਇਆ ਕਿ ਬੀ. ਸੀ. ਏ., ਬੀ. ਬੀ. ਏ., ਬੀ. ਕਾਮ ਤੇ ਬੀ. ਏ. ਕੋਰਸਾਂ 'ਚ ਭਰਤੀ ਲੜਕੀਆਂ ਲਈ 50 ਫੀਸਦੀ ਫੀਸ ਛੋਟ ਦੀ ਸਕੀਮ ਕਾਲਜ ਵਲੋਂ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਮਾਲਵਾ ਖੇਤਰ 'ਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਆਰਥਿਕ ਸੰਕਟ ਕਾਰਨ ਕਿਸੇ ਵੀ ਵਿਦਿਆਰਥਣ ਦੀ ਪੜ੍ਹਾਈ ਨਾ ਰੁਕੇ ਇਹ ਯਕੀਨੀ ਬਣਾਉਣਾ ਹੈ | ਕਾਲਜ ਪ੍ਰਬੰਧਨ ਵਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਮਤਿਹਾਨਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਾਲਾਨਾ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਵੇਗਾ |