30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਰਕ ਵਰਗੀ ਜ਼ਿੰਦਗੀ ਤੋਂ ਨਹੀਂ ਮਿਲ ਰਹੀ ਨਿਜਾਤ ਭੁੱਚੋ ਮੰਡੀ ਦੇ ਵਾਰਡ ਨੰਬਰ 7 ਤੇ 8 ਦੇ ਵਾਸੀਆਂ ਨੂੰ <br/>

ਅਜੀਤ ਡੈਸਕ 20-07-2025
ਭੁੱਚੋ ਮੰਡੀ, 19 ਜੁਲਾਈ (ਪਰਵਿੰਦਰ ਸਿੰਘ ਜੌੜਾ)-ਇਸ ਨੂੰ ਬਦਕਿਸਮਤੀ ਕਹੀਏ ਜਾਂ ਬਦ-ਇੰਤਜ਼ਾਮੀ ਕਿ ਸਥਾਨਕ ਵਾਰਡ ਨੰਬਰ 7 ਤੇ 8 ਦੇ ਵਾਸੀਆਂ ਨੂੰ ਨਰਕ ਵਰਗੀ ਜ਼ਿੰਦਗੀ ਤੋਂ ਨਿਜਾਤ ਨਹੀਂ ਮਿਲ ਰਹੀ ਹੈ | ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਵਾਰਡਾਂ ਦੇ ਵਾਸੀਆਂ ਨੂੰ ਸੀਵਰੇਜ ਲੀਕੇਜ ਦੇ ਗੰਦੇ ਪਾਣੀ ਕਾਰਨ ਰੋਟੀ ਖਾਣਾ ਤਾਂ ਦੂਰ, ਸਾਹ ਲੈਣਾ ਵੀ ਮੁਹਾਲ ਹੋਇਆ ਪਿਆ ਹੈ | ਹੁਣ ਇੱਥੋਂ ਕਿਸੇ ਵੀ ਜਾਨਲੇਵਾ ਮਹਾਂਮਾਰੀ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ | ਰੇਲਵੇ ਲਾਈਨੋਂ ਪਾਰ ਦੇ ਇਸ ਇਲਾਕੇ ਦਾ ਨਾਂਅ ਉਂਜ ਤਾਂ ਗੁਰੂ ਅਰਜਨ ਦੇਵ ਨਗਰ ਹੈ, ਪਰ ਇੱਥੋਂ ਦੇ ਲੋਕਾਂ ਦੀ ਗਰੀਬੀ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਵਿਰੋਧੀ ਵਿਚਾਰਧਾਰਾਵਾਂ ਉਨ੍ਹਾਂ ਲਈ ਸਰਾਪ ਬਣੀਆਂ ਹੋਈਆਂ ਹਨ | ਇੱਥੋਂ ਦੇ ਵਾਰਡ ਵਾਸੀਆਂ ਦਾ ਗਿਲਾ ਹੈ ਕਿ ਸਿਰਫ਼ ਵੋਟਾਂ ਵੇਲੇ ਸਿਆਸੀ ਧਿਰਾਂ ਦੇ ਲੋਕ ਇਥੇ ਗੇੜੇ ਮਾਰਦੇ ਹਨ, ਉਪਰੰਤ ਉਨ੍ਹਾਂ ਨੂੰ ਦੇਸ਼ ਦੇ ਨਾਗਰਿਕ ਹੀ ਨਹੀਂ ਸਮਝਿਆ ਜਾਂਦਾ | ਇਹ ਵੀ ਗਿਲਾ ਕੀਤਾ ਜਾਂਦਾ ਹੈ ਕਿ ਵੋਟਾਂ ਵੇਲੇ ਵੀ ਲੀਡਰ ਲੋਕ ਇੱਥੇ ਵਸਦੇ ਜ਼ਿਆਦਾਤਰ ਮਜ਼ਦੂਰ ਪਰਿਵਾਰਾਂ ਦੇ ਮਰਦਾਂ ਨੂੰ ਸ਼ਰਾਬ ਦੀਆਂ ਬੋਤਲਾਂ ਦੇ ਕੇ ਤੁਰ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਤਰਸਮਈ ਜੀਵਨ ਬਤੀਤ ਕਰ ਰਹੀਆਂ ਔਰਤਾਂ ਤੇ ਬੱਚਿਆਂ ਦੇ ਜੀਵਨ ਸੁਧਾਰ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ | ਸੀਵਰੇਜ ਲੀਕੇਜ ਦੀ ਗੰਦਗੀ ਇਨ੍ਹਾਂ ਲੋਕਾਂ ਦੇ ਰੋਜ਼ਾਨਾ ਜੀਵਨ ਦੀ ਸਰਾਪੀ ਬਦਕਿਸਮਤੀ ਬਣ ਕੇ ਰਹਿ ਗਈ ਹੈ | ਇਹ ਬਦਕਿਸਮਤੀ ਦਹਾਕਿਆਂ ਬੱਧੀ ਨਾਲੋ-ਨਾਲ ਚੱਲ ਰਹੀ ਹੈ, ਫਿਰ ਚਾਹੇ ਨਗਰ ਕੌਂਸਲ ਦਾ ਪ੍ਰਬੰਧ ਕਿਸੇ ਵੀ ਸਿਆਸੀ ਧਿਰ ਦੇ ਹਵਾਲੇ ਹੋਵੇ | ਨਗਰ ਕੌਂਸਲ ਭੁੱਚੋ ਦਾ ਮੌਜੂਦਾ ਪ੍ਰਧਾਨ ਜੋਨੀ ਬਾਂਸਲ ਭਾਵੇਂ ਹੀ ਮਿਹਨਤੀ, ਸਿਰੜੀ ਤੇ ਵਿਕਾਸ ਪੁਰਸ਼ ਵਜੋਂ ਜਾਣਿਆ ਜਾਂਦਾ ਹੈ, ਪਰ ਗੁਰੂ ਅਰਜਨ ਦੇਵ ਨਗਰ ਦੇ ਵਾਸੀਆਂ ਦੀ ਕਿਸਮਤ ਉਹ ਵੀ ਨਹੀਂ ਬਦਲ ਸਕੇ ਹਨ | ਵਾਰਡ ਵਾਸੀ ਸਾਧੂ ਸਿੰਘ ਸ਼ਰਮਾ, ਆਤਮਾ ਸਿੰਘ, ਕਰਮ ਸਿੰਘ, ਹਰਵਿੰਦਰ ਸਿੰਘ ਅਤੇ ਰੂਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਗੁਰੂ ਘਰ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਸੀਵਰੇਜ ਦੇ ਗੰਦੇ ਪਾਣੀ 'ਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਤੇ ਬਦਲਾਅ ਇਥੇ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ | ਦੂਜੇ ਪਾਸੇ ਨਗਰ ਕੌਂਸਲ ਭੁੱਚੋ ਦੇ ਸੀਵਰੇਜ ਇੰਚਾਰਜ ਅਭਿਸ਼ੇਕ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੀਵਰੇਜ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਮੰਗਵਾਈ ਸੀ, ਪਰ ਕੁਝ ਲੋਕ ਸੀਵਰੇਜ ਦਾ ਪਾਣੀ ਸੜਕ ਜਾਂ ਖੇਤਾਂ 'ਚ ਕੱਢਣ ਦਾ ਵਿਰੋਧ ਕਰ ਰਹੇ ਸਨ, ਕਾਰਨ ਸਫ਼ਾਈ ਨਹੀਂ ਹੋ ਸਕੀ | ਇਹ ਵੀ ਕਿ ਚੱਕਾਂ ਪਿੰਡਾਂ ਦਾ ਸੀਵਰੇਜ ਲੀਕ ਹੋਣ ਕਾਰਨ ਭੁੱਚੋ ਮੰਡੀ ਦਾ ਸੀਵਰੇਜ ਭੁੱਚੋ ਮੰਡੀ ਵਿਖੇ ਹੀ ਨਿਕਲ ਰਿਹਾ ਹੈ, ਵੀ ਸਮੱਸਿਆ ਦਾ ਵੱਡਾ ਕਾਰਨ ਹੈ | ਉਨ੍ਹਾਂ ਕਿਹਾ ਕਿ ਉੱਤੋਂ ਬਰਸਾਤਾਂ ਕਾਰਨ ਵੀ ਮੁਸ਼ਕਿਲ ਵਧੀ ਹੈ, ਪਰ ਫਿਰ ਵੀ ਉਹ ਸੋਮਵਾਰ ਨੂੰ ਦੁਬਾਰਾ ਮਸ਼ੀਨ ਮੰਗਵਾ ਕੇ ਸੀਵਰੇਜ ਦੀ ਸਫ਼ਾਈ ਕਰਵਾਉਣਗੇ |

ਪਿਛਲੀ ਖ਼ਬਰ ਬਠਿੰਡਾ ਬਰਨਾਲਾ ਹਾਈਵੇ 'ਤੇ 6 ਗਊ ਵੰਸ਼ਾਂ ਦੀ ਭੇਦ ਭਰੀ ਹਾਲਤ 'ਚ ਮੌਤ <br/> ਅਗਲੀ ਖ਼ਬਰ ਮਹਿਲਾ ਇਮੀਗ੍ਰੇਸ਼ਨ ਏਜੰਟ ਨਾਲ ਹੋਈ 7.79 ਲੱਖ ਰੁਪਏ ਦੀ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।