ਬਠਿੰਡਾ, 19 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਕੈਂਟ ਥਾਣੇ ਦੀ ਪੁਲਿਸ ਵਲੋਂ ਲਾਪ੍ਰਵਾਹੀ ਨਾਲ ਕਾਰ ਚਲਾਉਣ ਦੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ੰ ਦਰਜ ਕਰਵਾਏ ਬਿਆਨਾਂ 'ਚ ਰਣਜੀਤ ਸਿੰਘ ਵਾਸੀ ਰਾਮ ਬਿਲਾਸ ਬਸਤੀ ਭੁੱਚੋ ਮੰਡੀ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੱਕ ਫਤਹਿ ਸਿੰਘ ਵਾਲਾ ਕੋਲ ਜਾ ਰਿਹਾ ਸੀ | ਜਿਥੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੇ ਪਿੰਡ ਭੀਟੀ ਵਾਲਾ ਵਾਸੀ ਬੇਅੰਤ ਸਿੰਘ ਨੇ ਆਪਣੀ ਕਾਰ ਨੰਬਰ ਪੀ.ਬੀ.-30.ਏ.ਬੀ.-2480 ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ | ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਜਗਰੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਉਸ ਦੀ ਗਿ੍ਫ਼ਤਾਰੀ ਬਾਕੀ ਹੈ |