ਫ਼ਿਰੋਜ਼ਪੁਰ, 20 ਜੁਲਾਈ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਕਈ ਦਿਨ ਤੋਂ ਈ-ਮੇਲ ਰਾਹੀਂ ਭਗਤੀ ਦੇ ਸਾਗਰ, ਸਿਫਤੀ ਦੇ ਸਥਾਨ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਬੰਬਾਂ ਨਾਲ ਉਡਾ ਦੇਣ ਦੀਆਂ ਧਮਕੀਆਂ ਦੇਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਪਾਰਟੀ ਦੇ ਮੁੱਖ ਬੁਲਾਰੇ ਪ੍ਰਗਟ ਸਿੰਘ ਵਾਹਕੇ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹੋਈ ਮੀਟਿੰਗ 'ਚ ਹਾਜ਼ਰ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਪ੍ਰਗਟ ਸਿੰਘ ਵਾਹਕੇ ਨੇ ਸਰਕਾਰ ਦੀ ਅੱਜ ਤੱਕ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਵਾਰ ਵਾਰ ਧਮਕੀਆਂ ਆ ਰਹੀਆਂ, ਇਹ ਵੀ ਰਾਜਨੀਤਕ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਧਰਮ 'ਤੇ ਹਮਲੇ ਕੀਤੇ ਜਾ ਰਹੇ ਹਨ ਤੇ ਬਹੁਤ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਪਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜਗ੍ਹਾ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਗਈ | ਜਿਸ ਕਾਰਨ ਸਾਜ਼ਿਸ਼ ਕਰਤਾਵਾਂ ਦੇ ਹੌਂਸਲੇ ਇੰਨੇ ਵੱਧ ਗਏ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਦਫ਼ਤਰਾਂ ਵਿਚ ਧਮਕੀਆਂ ਦੇਣ ਲੱਗ ਪਏ | ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਸ਼ੱਕ ਪੈਦਾ ਹੁੰਦਾ ਹੈ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਸਥਾਨ 'ਤੇ ਆਉਂਦੀ ਸੰਗਤ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰਕੇ ਸੰਗਤ ਨੂੰ ਇਸ ਸਥਾਨ 'ਤੇ ਆਉਣ ਤੋਂ ਹਟਾਉਣ ਲਈ ਸਾਜ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਸੁੱਚਾ ਸਿੰਘ ਭਾਨੇ ਵਾਲੀ ਪ੍ਰਚਾਰ ਸਕੱਤਰ ਫ਼ਿਰੋਜ਼ਪੁਰ, ਸੁੱਚਾ ਸਿੰਘ ਮੁਹਾਲਮ ਸੀਨੀਅਰ ਆਗੂ, ਹਜ਼ਾਰਾ ਸਿੰਘ ਦੌਲਤਪੁਰਾ ਪ੍ਰਧਾਨ ਕਿਸਾਨ ਵਿੰਗ ਪ੍ਰਧਾਨ ਫ਼ਿਰੋਜ਼ਪੁਰ ਸ਼ਹਿਰੀ, ਕੰਵਰ ਸ਼ਮਸ਼ੇਰ ਸਿੰਘ ਯੂਥ ਪ੍ਰਧਾਨ ਸਰਕਲ ਆਰਿਫ਼ ਕੇ, ਸੁਖਮੰਦਰ ਸਿੰਘ ਬਾਘੇ ਵਾਲਾ, ਰਾਜਬੀਰ ਸਿੰਘ ਵਾਹਕੇ, ਬਲਵਿੰਦਰ ਸਿੰਘ ਬਸਤੀ ਰਾਮਲਾਲ, ਰਛਪਾਲ ਸਿੰਘ ਵਾਹਕੇ, ਗਗਨਦੀਪ ਸਿੰਘ ਨਿਜ਼ਾਮ ਵਾਲਾ ਨੇ ਵੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫੜ੍ਹ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ |