ਫ਼ਿਰੋਜ਼ਪੁਰ, 20 ਜੁਲਾਈ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਮਾਰਗ 'ਤੇ ਪੈਂਦੇ ਕਿੱਲੇ ਵਾਲਾ ਚੌਕ ਨੇੜੇ ਗੁਰੂਹਰਸਹਾਏ ਵਲੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ | ਜਿਸ 'ਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਹੈ | ਇਸ ਦੌਰਾਨ ਉਸ ਦੀ ਪਤਨੀ ਸੁਦੇਸ਼ ਕੁਮਾਰੀ ਤੇ ਭਤੀਜੇ ਅਨੀਰੁੱਧ ਧਵਨ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਮਿ੍ਤਕ ਦੀ ਪਹਿਚਾਣ ਅਸ਼ੋਕ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਮਮਦੋਟ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਅਸ਼ੋਕ ਕੁਮਾਰ ਆਪਣੀ ਪਤਨੀ ਸੁਦੇਸ਼ ਕੁਮਾਰੀ ਤੇ ਭਤੀਜੇ ਅਨੀਰੁੱਧ ਧਵਨ ਨਾਲ ਕਿਸੇ ਘਰੇਲੂ ਕੰਮ ਨੂੰ ਕਰਕੇ ਆਪਣੇ ਘਰ ਮਮਦੋਟ ਵਾਪਸ ਜਾ ਰਿਹਾ ਸੀ | ਜਦ ਉਹ ਕਿੱਲੇ ਵਾਲਾ ਚੌਂਕ ਨੇੜੇ ਪਹੰੁਚੇ ਤਾਂ ਗੁਰੂਹਰਸਹਾਏ ਵਲੋਂ ਆ ਰਹੀ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਦੌਰਾਨ ਅਸ਼ੋਕ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦੀ ਪਤਨੀ ਅਤੇ ਭਤੀਜੇ ਨੂੰ ਰਾਹਗੀਰਾਂ ਨੇ ਜਲਦ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਪਹੰੁਚਾਇਆ | ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ ਅਤੇ ਹਾਲਤ ਗੰਭੀਰ ਬਣੀ ਹੋਈ ਹੈ | ਹਾਦਸੇ ਵਾਲੀ ਜਗ੍ਹਾ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਸਨ |