ਗੋਲੂ ਕਾ ਮੋੜ, 19 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸਾਲਾਨਾ ਸਮਾਗਮ ਦੌਰਾਨ ਡੇਰਾ ਸ਼੍ਰੀ ਭਜਨਗੜ੍ਹ ਵੈੱਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਡੇਰਾ ਸ੍ਰੀ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਕਰਵਾਈ ਗਈ ਅਤੇ ਇਲਾਕੇ ਤੋਂ ਇਲਾਵਾ ਦੂਰ-ਦੁਰਾਡੇ ਦੇ ਪਿੰਡਾ-ਸ਼ਹਿਰਾ ਤੋਂ ਪੁੱਜੀਆਂ ਸੰਗਤਾਂ ਵਲੋਂ ਦੋ ਦਿਨਾਂ ਵਿਚ 103 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਕੈਂਪ ਦੌਰਾਨ ਸੰਗਤਾਂ ਵਿਚ ਖ਼ੂਨਦਾਨ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ | ਇਸ ਮੌਕੇ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਬੀ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਥਿੰਦ, ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਡੇਰਾ ਸ਼੍ਰੀ ਭਜਨਗੜ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੇਮ ਚੰਦ ਪ੍ਰਧਾਨ ਪਿੰਡੀ, ਇਕਬਾਲ ਚੰਦ ਪਾਲਾ ਬੱਟੀ, ਪ੍ਰਧਾਨ ਵਿਜੇ ਥਿੰਦ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ ਦੇ ਪਹਿਲੇ ਦਿਨ ਅਤੁੱਲਿਆ ਲੈਬ ਮੁਕਤਸਰ ਅਤੇ ਦੂਸਰੇ ਦਿਨ ਬਾਲਾ ਜੀ ਬਲੱਡ ਬੈਕ ਕੋਟਕਪੂਰਾ ਦੀਆ ਟੀਮਾਂ ਵਲੋਂ ਪਹੁੰਚ ਕੇ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਜੈ ਥਿੰਦ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਲਗਾਉਣ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਸਿਹਤਮੰਦ ਖ਼ੂਨਦਾਨੀਆਂ ਨੂੰ ਸਵੈ ਇੱਛਾ ਅਤੇ ਨਿਯਮਤ ਰੂਪ ਵਿਚ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਦੂਜਾ ਹਸਪਤਾਲਾਂ ਵਿਚ ਖ਼ੂਨ ਦੀ ਕਮੀ ਦੂਰ ਕਰਨਾ ਹੈ | ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ 2500 ਯੂਨਿਟ ਦੇ ਕਰੀਬ ਲੋੜਵੰਦ ਲੋਕਾਂ ਨੂੰ ਖ਼ੂਨ ਦੇ ਕੇ ਲੋਕਾਂ ਦੀ ਮਦਦ ਕਰ ਚੁੱਕੇ ਹਨ | ਇਸ ਤੋਂ ਇਲਾਵਾ ਹੋਰ ਅਲੱਗ ਅਲੱਗ ਤਰ੍ਹਾਂ ਦੇ ਕੈਂਪ ਵੀ ਲਗਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸੇਵਾ ਜਾਰੀ ਰਹੇਗੀ |