ਮਮਦੋਟ, 19 ਜੁਲਾਈ (ਸੁਖਦੇਵ ਸਿੰਘ ਸੰਗਮ)-ਜਿੱਥੇ ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁਸਤੈਦੀ ਨਾਲ ਕੰਮ ਕਰਦਿਆਂ ਨਸ਼ਾ ਤਸਕਰਾਂ ਖ਼ਿਲਾਫ਼ ਜ਼ੋਰਦਾਰ ਢੰਗ ਨਾਲ ਕਾਰਵਾਈ ਆਰੰਭੀ ਹੋਈ ਹੈ ਉੱਥੇ ਹੀ ਚੋਰਾਂ ਵਿਰੁੱਧ ਸੰਜੀਦਗੀ ਨਾ ਦਿਖਾਉਣ ਕਾਰਨ ਚੋਰਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੋ ਰਹੇ ਹਨ ਤੇ ਉਹ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਅਜਿਹੇ ਵਿਚ ਸਿਵਲ ਹਸਪਤਾਲ ਮਮਦੋਟ ਦੇ ਨੇੜੇ ਮੁੱਖ ਸੜਕ 'ਤੇ ਬਣੀ ਜੂਸ ਦੀ ਦੁਕਾਨ ਵਿਚ ਰਾਤ ਨੂੰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਮਮਦੋਟ ਨੇ ਦੱਸਿਆ ਕਿ ਬਰਸਾਤਾਂ ਦਾ ਮੌਸਮ ਹੋਣ ਕਾਰਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਉਸ ਨੇ ਦੁਕਾਨ ਨਹੀਂ ਖੋਲੀ ਸੀ ਤੇ ਬੀਤੇ ਕੱਲ੍ਹ ਨੂੰ ਸਵੇਰੇ ਜਦੋਂ ਉਸ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੇ ਪਾਸੇ ਸਿਵਲ ਹਸਪਤਾਲ ਵਿਚੋਂ ਕੰਧ ਨੂੰ ਪਾੜ ਲੱਗਾ ਹੋਇਆ ਸੀ ਅਤੇ ਜਦੋਂ ਅੰਦਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਕ ਇਨਵਰਟਰ, ਬੈਟਰਾ ਅਤੇ ਦੋ ਜੂਸਰ ਸਮੇਤ ਹੋਰ ਸਮਾਨ ਗ਼ਾਇਬ ਸੀ, ਜਿਸ ਨਾਲ ਉਸ ਦਾ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਦੁਕਾਨਦਾਰ ਨੇ ਦੱਸਿਆ ਕਿ ਘਟਨਾ ਸਬੰਧੀ ਥਾਣਾ ਮਮਦੋਟ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਚੋਰਾਂ ਦੀ ਭਾਲ ਕਰਕੇ ਉਸ ਦਾ ਸਮਾਨ ਵਾਪਸ ਦਿਵਾਇਆ ਜਾਵੇ |