ਫ਼ਿਰੋਜ਼ਪੁਰ, 19 ਜੁਲਾਈ (ਸੁਖਵਿੰਦਰ ਸਿੰਘ)-ਪੁਲਿਸ ਨੇ ਦੋ ਪਹੀਆਂ ਵਾਹਨ ਦੀਆਂ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 3 ਦੋਸ਼ੀ ਕਾਬੂ ਕਰਕੇ ਸਫ਼ਲਤਾ ਹਾਸਿਲ ਕੀਤੀ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਆਯੂਬ ਮਸੀਹ ਨੇ ਦੱਸਿਆ ਹੈ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਖਾਈ ਅੱਡਾ ਰੇਲਵੇ ਫਾਟਕ ਕੋਲ ਪੁੱਜੀ ਤਾਂ ਮੁਖ਼ਬਰੀ ਖਾਸ ਨੇ ਹੱਥ ਦਾ ਇਸ਼ਾਰਾ ਦੇ ਕੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਪ੍ਰਭਦੀਪ, ਆਕਾਸ਼ ਅਤੇ ਸੰਨੀ ਜੋ ਕਿ ਮੋਟਰਸਾਈਕਲ ਚੋਰੀਆਂ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਵਲੋਂ ਸ਼ਹਿਰੀ ਇਲਾਕਾ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਨੇੜੇ ਬੈਂਕ ਅਤੇ ਹੋਰ ਭੀੜ ਵਾਲੀਆਂ ਥਾਵਾਂ 'ਤੇ ਚੋਰੀ ਕੀਤੇ ਮੋਟਰਸਾਈਕਲ ਅੱਗੇ ਵੇਚਣ ਲਈ ਬਜਾਜ ਡੇਅਰੀ ਦੇ ਪਿੱਛੇ ਪਿਛਲੇ ਪਾਸੇ ਝਾੜੀਆਂ ਨੂੰ ਜਾਂਦੇ ਕੱਚੇ ਰਸਤੇ ਕੋਲ ਖੜ੍ਹੇ ਹਨ ਜੇਕਰ ਹੁਣ ਰੇਡ ਕੀਤੀ ਜਾਵੇ ਤਾਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਤੁਰੰਤ ਖਬਰੀ ਖਾਸ ਦੀ ਇਤਲਾਹ ਦੇ ਕਾਰਵਾਈ ਕਰਦੇ ਹੋਏ ਬਜਾਜ ਡੇਅਰੀ ਦੇ ਪਿਛਲੇ ਪਾਸੇ ਝਾੜੀਆਂ ਦੇ ਵਿਚ ਚੋਰੀ ਦੇ 2 ਮੋਟਰਸਾਈਕਲ ਸਮੇਤ 3 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ | ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਪ੍ਰਭਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੂਰੇ ਕਲਾ ਥਾਣਾ ਮਮਦੋਟ, ਆਕਾਸ਼ ਪੁੱਤਰ ਸੋਨੂੰ, ਸਨੀ ਪੁੱਤਰ ਵਿਕਰਮ ਵਾਸੀਆਨ ਬਸਤੀ ਮੱਖਣ ਸਿੰਘ ਵਾਲੀ ਦਾਖਲੀ ਖਲਚੀਆ ਕਦੀਮ ਥਾਣਾ ਸਦਰ ਫ਼ਿਰੋਜ਼ਪੁਰ ਤੋਂ 2 ਮੋਟਰਸਾਈਕਲ ਮਾਰਕਾ ਹੀਰੋ ਬਿਨਾਂ ਨੰਬਰੀ ਰੰਗ ਕਾਲਾ ਬਰਾਮਦ ਕਰਕੇ ਬੀ.ਐਨ.ਐਸ ਦੀਆਂ ਵੱਖ-ਵੱਖ ਧਰਾਵਾਂ ਹੇਠ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ | ਆਯੂਬ ਮਸੀਹ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ |