ਗੋਲੂ ਕਾ ਮੋੜ, 19 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਮਹੀਨਾ ਭਰ ਚੱਲੇ ਸਾਲਾਨਾ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਅੱਜ ਸ਼ੁਕਰਾਨਾ ਸਮਾਗਮ ਹੋਏ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਤੇ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਵਲੋਂ ਸਰਬੱਤ ਦੇ ਭਲੇ ਤੇ ਮਹੀਨਾ ਚੱਲੇ ਸਮਾਗਮਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ | ਸਮਾਗਮ 'ਚ ਸਮੂਹ ਨਗਰ ਨਿਵਾਸੀਆਂ ਤੇ ਆਸ ਪਾਸ ਪਿੰਡਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ | ਡੇਰਾ ਸ਼੍ਰੀ ਭਜਨਗੜ ਦੇ ਗੱਦੀ ਨਸ਼ੀਨ ਸੰਤ ਬਾਬਾ ਰਾਜਿੰਦਰ ਸਿੰਘ ਵਲੋਂ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਤੇ ਗੁਰਬਾਣੀ ਦੇ ਫੁਰਮਾਨ ਦੇ ਕੇ ਸੇਵਾ ਤੇ ਸਿਮਰਨ ਨਾਲ ਜੁੜਨ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ | ਡੇਰਾ ਸ਼੍ਰੀ ਭਜਨਗੜ ਵਿਚ ਮਹੀਨਾ ਚੱਲੇ ਸਮਾਗਮ ਦੌਰਾਨ ਸੇਵਾ ਕਰਦੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ | ਦੱਸਣ ਯੋਗ ਹੈ ਕਿ ਡੇਰਾ ਸ਼੍ਰੀ ਭਜਨਗੜ੍ਹ ਦੀ ਸਥਾਪਨਾ ਸੰਤ ਬਾਬਾ ਵਚਨ ਸਿੰਘ ਜੀ ਨੇ ਪਿੰਡ ਲਾਲੇ ਵਾਲਾ ਜ਼ਿਲ੍ਹਾ ਮਿੰਟਗੁਮਰੀ ਪਾਕਿਸਤਾਨ ਵਿਖੇ ਕੀਤੀ ਸੀ ਤੇ ਹਿੰਦ ਪਾਕਿ ਦੀ ਵੰਡ ਤੋਂ ਬਾਅਦ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸਥਾਪਤ ਹੋਇਆ | ਸੰਤ ਬਾਬਾ ਵਚਨ ਸਿੰਘ ਜੀ ਮਹਾਨ ਤਪੱਸਵੀ ਸਨ | ਉਨ੍ਹਾਂ ਦੀ ਚਲਾਈ ਮਰਿਆਦਾ ਅਨੁਸਾਰ ਡੇਰਾ ਸ਼੍ਰੀ ਭਜਨਗੜ੍ਹ ਵਿਖੇ ਪਹਿਲੀ ਹਾੜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੁੰਦੀ ਹੈ | ਜਿਸ ਦੇ ਭੋਗ ਪਹਿਲੀ ਸਾਉਣ ਨੂੰ ਪਾਏ ਜਾਂਦੇ ਹਨ | ਇਸ ਸਾਲ ਡੇਰਾ ਸ਼੍ਰੀ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਦੀ ਯੋਗ ਅਗਵਾਈ 'ਚ ਇਸ ਸਾਲ ਮਹੀਨਾ ਭਰ ਚੱਲੇ ਸਮਾਗਮਾਂ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਲੜੀ ਦੌਰਾਨ 185 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇੰਨਾ ਸਮਾਗਮਾਂ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ, ਮਹਾਂਪੁਰਸ਼ ਰਾਜਨੀਤਕ ਲੀਡਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇੱਥੇ ਇਹ ਦੱਸਣਾ ਬਣਦਾ ਹੈ ਕਿ ਸੰਤ ਬਾਬਾ ਵਚਨ ਸਿੰਘ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਤਪਰ ਹਨ |