ਮਮਦੋਟ, 19 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਝੋਕ ਟਹਿਲ ਸਿੰਘ ਦੇ ਆਗੂਆਂ ਵਲੋਂ ਪਿੰਡ ਕਿਲੀ ਵਿਖੇ ਵੇਰਕਾ ਡੇਅਰੀ ਦੇ ਮੁਲਾਜ਼ਮ ਗੁਰਬੀਰ ਸਿੰਘ ਡਿਪਟੀ ਮੈਨੇਜਰ, ਹਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਪਿੰਡ ਦੇ ਦੁੱਧ ਉਤਪਾਦਕ ਕਿਸਾਨਾਂ ਤੇ ਆਮ ਲੋਕਾਂ ਵਲੋਂ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ੋਨ ਝੋਕ ਟਹਿਲ ਸਿੰਘ ਦੇ ਮੀਤ ਪ੍ਰਧਾਨ ਗੁਰਭੇਜ ਸਿੰਘ ਕਿਲੀ ਨੇ ਦੱਸਿਆ ਕਿ ਅਗਰ ਭਾਰਤ ਵਿਚ ਦੁੱਧ ਉਤਪਾਦਨ , ਮੀਟ ਅਤੇ ਖੇਤੀ ਜਿਨਸਾਂ ਨੂੰ ਬਿਨਾ ਟੈਕਸ ਜਾ ਘੱਟ ਟੈਕਸ ਤੇ ਆਯਾਤ ਕਰਨ ਦੇ ਸਮਝੌਤੇ ਸਿਰੇ ਲਗਦੇ ਹਨ, ਤਾਂ ਦੇਸ਼ ਦੇ ਕਿਸਾਨ ਇਸਦਾ ਬਾਜ਼ਾਰ ਵਿਚ ਮੁਕਾਬਲਾ ਨਹੀਂ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਦੇਸ਼ ਦੁੱਧ ਉਤਪਾਦਨ, ਖੇਤੀ, ਮੱਧਮ ਤੇ ਛੋਟੇ ਵਪਾਰ ਬਾਜ਼ਾਰ ਵਿਚੋਂ ਬਾਹਰ ਹੋ ਜਾਣਗੇ ਅਤੇ ਆਉਂਦੇ ਸਾਲਾਂ ਵਿਚ ਭਾਰਤੀ ਲੋਕਾਂ ਦੀ ਵਿਦੇਸ਼ੀ ਕੰਪਨੀਆਂ ਵਲੋਂ ਖੁੱਲ੍ਹੀ ਲੁੱਟ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੂੰ ਵੱਡੀ ਸਬਸਿਡੀ ਦਿੱਤੀ ਜਾ ਰਹੀ ਹੈ | ਜਦ ਕਿ ਭਾਰਤ ਵਿਚ ਇਹ ਨਾਂਹ ਦੇ ਬਰਾਬਰ ਹਨ | ਦੁੱਧ ਉਤਪਾਦਕਾਂ ਨੇ ਪਿੰਡ ਵਿਚ ਬੰਦ ਪਈ ਵੇਰਕਾ ਡੇਅਰੀ ਚਾਲੂ ਕਰਨ ਦੀ ਮੰਗ ਵੀ ਕੀਤੀ | ਇਸ ਮੌਕੇ ਅਵਤਾਰ ਸਿੰਘ ਕਿਲੀ, ਭਗਵਾਨ ਸਿੰਘ ਕਿਲੀ,ਰੇਸ਼ਮ ਸਿੰਘ, ਜਮੇਰ ਸਿੰਘ, ਕਵਲ ਸਿੰਘ, ਸਾਹਬ ਸਿੰਘ, ਨਿਸ਼ਾਨ ਸਿੰਘ, ਹਰਭਿੰਦਰ ਸਿੰਘ ਆਦਿ ਹਾਜ਼ਰ ਸਨ |