15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ੀਰਾ ਸ਼ਹਿਰ 'ਚ 10 ਦਿਨਾਂ 'ਚ ਇਕ ਲੜਕੀ ਨਾਲ ਜਬਰ ਜਨਾਹ, 2 ਵਰਗਲਾਈਆਂ

ਅਜੀਤ ਡੈਸਕ 18-07-2025
ਜ਼ੀਰਾ, 17 ਜੁਲਾਈ (ਰਜਨੀਸ਼ ਕਥੂਰੀਆ)-ਇਸ ਨੂੰ ਸੋਸ਼ਲ ਮੀਡੀਆ ਦਾ ਸਮਾਜ 'ਤੇ ਪੈ ਰਿਹਾ ਬੁਰਾ ਅਸਰ ਕਿਹਾ ਜਾਵੇ ਜਾਂ ਆਧੁਨਿਕਤਾ ਦਾ ਦੌਰ ਕਿ ਪਿਛਲੇ 10 ਦਿਨਾਂ ਦੇ ਦੌਰਾਨ ਜ਼ੀਰਾ ਸ਼ਹਿਰ ਵਿਚ 1 ਨਾਬਾਲਗ ਲੜਕੀ ਨਾਲ ਜਬਰ ਜਨਾਹ ਜਦੋਂਕਿ 2 ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਦੀਆਂ ਘਟਨਾਵਾਂ ਵਾਪਰੀਆਂ ਹਨ | ਜਬਰ ਜਨਾਹ ਦੀ ਸ਼ਿਕਾਰ ਹੋਈ 16 ਸਾਲ ਦੀ ਨਾਬਾਲਗ ਲੜਕੀ ਵਾਸੀ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨ ਵਿਚ ਦੱਸਿਆ ਹੈ ਕਿ ਮਿਤੀ 5 ਜੁਲਾਈ 2025 ਨੂੰ ਮੈਂ ਆਪਣੇ ਘਰ ਤੋਂ ਬਾਹਰ ਗਲੀ ਵਿਚ ਕੱਪੜੇ ਸੁੱਕਣੇ ਪਾ ਰਹੀ ਸੀ ਤਾਂ ਗਲੀ ਦਾ ਇਕ ਲੜਕਾ ਮੈਨੂੰ ਖਿੱਚ ਕੇ ਆਪਣੇ ਘਰ ਦੇ ਇਕ ਕਮਰੇ ਵਿਚ ਲੈ ਗਿਆ ਅਤੇ ਮੇਰੇ ਨਾਲ ਗ਼ਲਤ ਕੰਮ ਕੀਤਾ | ਉਸਨੇ ਦੱਸਿਆ ਕਿ ਜਦੋਂ ਮੈਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਗਲੀ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਦੂਸਰੇ ਮਾਮਲੇ ਵਿਚ ਗੁਰੂ ਤੇਗ਼ ਬਹਾਦਰ ਨਗਰ ਵਾਸੀ ਜ਼ੀਰਾ ਇਕ ਬਜ਼ੁਰਗ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਮੇਰੇ ਇਕ ਸ਼ਾਦੀਸ਼ੁਦਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਮੇਰੀ ਨੂੰਹ ਮੇਰੀ ਪੋਤਰੀ ਨੂੰ ਸਾਡੇ ਕੋਲ ਛੱਡ ਗਈ ਅਤੇ ਕਿਧਰੇ ਹੋਰ ਜਾ ਕੇ ਉਸ ਨੇ ਦੂਸਰਾ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਕੋਲ ਰਹਿਣ ਲੱਗ ਪਈ | ਬਜ਼ੁਰਗ ਨੇ ਦੱਸਿਆ ਕਿ ਆਪਣੀ ਪੋਤਰੀ ਦੀ ਪਰਵਰਿਸ਼ ਮੈਂ ਅਤੇ ਮੇਰੀ ਪਤਨੀ ਨੇ ਮਿਲ ਕੇ ਕੀਤੀ ਹੈ | ਬਜ਼ੁਰਗ ਅਨੁਸਾਰ ਮੇਰੀ ਪੋਤਰੀ ਜਿਸ ਦੀ ਉਮਰ ਕਰੀਬ 14 ਸਾਲ ਹੈ ਅਤੇ ਜ਼ੀਰਾ ਵਿਖੇ ਇਕ ਪ੍ਰਾਈਵੇਟ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ ਮਿਤੀ 5 ਜੁਲਾਈ ਨੂੰ ਰਾਤ ਸਮੇਂ ਘਰ ਦੀ ਅਲਮਾਰੀ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ 10 ਹਜ਼ਾਰ ਰੁਪਏ ਨਕਦ ਲੈ ਕੇ ਚਲੀ ਗਈ | ਉਸ ਨੇ ਦੱਸਿਆ ਕਿ ਬਾਅਦ ਵਿਚ ਪਤਾ ਲੱਗਾ ਕਿ ਮੇਰੀ ਪੋਤਰੀ ਨੂੰ ਪੁਸ਼ਪਿੰਦਰ ਉਰਫ਼ ਨਨੂੰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਖੰਭੇ, ਹਾਲ ਆਬਾਦ ਗੁਰੂ ਤੇਗ਼ ਬਹਾਦਰ ਨਗਰ ਜ਼ੀਰਾ ਵਰਗਲਾ ਕੇ ਲੈ ਗਿਆ ਹੈ | ਇਸੇ ਤਰ੍ਹਾਂ ਮਿਤੀ 15 ਜੁਲਾਈ ਨੂੰ ਰਾਤ ਸਮੇਂ ਨਹਿਰ ਕਾਲੋਨੀ ਜ਼ੀਰਾ ਵਿਖੇ ਵੀ ਇਕ ਹੋਰ ਨਾਬਾਲਗ ਲੜਕੀ ਦੇ ਘਰੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖ਼ਬਰ ਹੈ | ਇਨ੍ਹਾਂ ਤਿੰਨਾਂ ਘਟਨਾਵਾਂ ਵਿਚੋਂ ਜਬਰ ਜਨਾਹ ਦੇ ਮਾਮਲੇ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਦੋਵਾਂ ਧਿਰਾਂ ਦਾ ਆਪਸ ਵਿਚ ਰਾਜ਼ੀਨਾਮਾ ਹੋ ਗਿਆ ਹੈ, ਜਦੋਂਕਿ ਦੂਸਰੇ ਮਾਮਲੇ ਵਿਚ ਵੀ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕਥਿਤ ਦੋਸ਼ੀ ਪੁਸ਼ਪਿੰਦਰ ਉਰਫ਼ ਨਨੂੰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਨ੍ਹਾਂ ਤੋਂ ਇਲਾਵਾ ਤੀਸਰੇ ਮਾਮਲੇ ਵਿਚ ਪੁਲਿਸ ਵਲੋਂ ਅਜੇ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਾਬਾ ਫ਼ਰੀਦ ਗਰੁੱਪ ਵਲੋਂ ਫ਼ਿਰੋਜ਼ਪੁਰ ਵਿਖੇ 22 ਨੂੰ ਆਨ-ਦ ਸਪਾਟ ਐਡਮਿਸ਼ਨ-ਕਮ-ਸਕਾਲਰਸ਼ਿਪ ਮੇਲਾ- ਡਾ. ਐੱਮ. ਪੀ. ਪੂ... ਅਗਲੀ ਖ਼ਬਰ ਹੈਰੋਇਨ ਤੇ ਚਾਈਨਜ਼ ਡਰੋਨ ਬਰਾਮਦਗੀ ਮਾਮਲੇ ਵਿਚ 2 ਵਿਅਕਤੀ ਹੋਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।