ਮਲੇਰਕੋਟਲਾ, 3 ਦਸੰਬਰ (ਮੁਹੰਮਦ ਹਨੀਫ਼ ਥਿੰਦ)-45ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 2025-26 ਦੇ ਕੁਸ਼ਤੀ ਦੇ ਈਵੈਂਟ ਪਟਿਆਲਾ ਵਿਖੇ ਕਰਵਾਏ ਗਏ | ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰਾਜਿੰਦਰ ਨਗਰ ਚੌਥੀ ਜਮਾਤ ਦੇ ਵਿਦਿਆਰਥੀ ਮੁਹੰਮਦ ਹੱਬਾਨ ਪੁੱਤਰ ਪਹਿਲਵਾਨ ਮੁਹੰਮਦ ਅਰਸ਼ਦ ਨੇ 28 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲਿਆ ਅਤੇ ਚਾਰ ਜ਼ਿਲਿ੍ਹਆਂ ਦੇ ਬੱਚਿਆਂ ਨੂੰ ਹਰਾਉਂਦੇ ਹੋਏ ਦੂਸਰੇ ਸਥਾਨ ਤੇ ਕਬਜ਼ਾ ਜਮਾਇਆ | ਸਕੂਲ ਖੇਡ ਇੰਚਾਰਜ ਸ਼੍ਰੀ ਗੁਲਰੇਜ਼ ਆਬਿਦ ਨੇ ਜਾਣਕਾਰੀ ਦਿੰਦਿਆਂ ਕਿਹਾ ਪਿਛਲੇ ਸਾਲ ਵੀ ਇਸ ਸਕੂਲ ਦੇ ਵਿਦਿਆਰਥੀ ਮੁਹੰਮਦ ਹੱਬਾਨ ਨੇ 44ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ | ਇਸ ਸਾਲ ਵੀ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ | ਮੁਹੰਮਦ ਹੱਬਾਨ ਦੇ ਕੁਸ਼ਤੀ ਕੋਚ ਜ਼ਾਹਿਦ ਪਰਵੇਜ਼ ਨੇ ਕਿਹਾ ਕਿ ਇਸ ਬੱਚੇ ਵਿਚ ਕੁੱਝ ਕਰਨ ਦੀ ਚਾਹਤ ਬਹੁਤ ਹੈ | ਜਿਸ ਕਾਰਨ ਚੰਗਾ ਖੇਡਦੇ ਹੋਏ ਮਲੇਰਕੋਟਲਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਭਵਿੱਖ 'ਚ ਵੀ ਇਹ ਬੱਚਾ ਪੰਜਾਬ ਦਾ ਹੀ ਨਹੀਂ, ਬਲਕਿ ਦੇਸ਼ ਦਾ ਨਾਂਅ ਰੌਸ਼ਨ ਕਰੇਗਾ | ਸਕੂਲ ਮੁਖੀ ਅਨੀਸ਼ ਅਖ਼ਤਰ ਨੇ ਕਿਹਾ ਕਿ ਸਾਨੂੰ ਇਸ ਬੱਚੇ ਦੀ ਇਸ ਪ੍ਰਾਪਤੀ ਕਾਰਨ ਮਾਣ ਮਹਿਸੂਸ ਹੋ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮਲੇਰਕੋਟਲਾ ਬਲਜਿੰਦਰ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਲੇਰਕੋਟਲਾ-2 ਸੋਹਣ ਸਿੰਘ, ਸੈਂਟਰ ਹੈੱਡ ਟੀਚਰ ਬਲਕਾਰ ਸਿੰਘ ਨੇ ਵੀ ਹੱਬਾਨ ਨੂੰ ਵਧਾਈਆਂ ਦਿੰਦਿਆਂ ਇੱਕ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਮੁਹੰਮਦ ਬਸ਼ੀਰ, ਮਨਜੀਤ ਕੌਰ, ਕਮਲਪ੍ਰੀਤ, ਅਮਨਦੀਪ ਕੌਰ, ਮੈਡਮ ਰਾਬੀਆ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ |