ਕੁੱਪ ਕਲਾਂ, 3 ਦਸੰਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਹਲਕਾ ਇੰਚਾਰਜ ਦੀ ਖਾਲੀ ਪਈ ਥਾਂ ਨੂੰ ਜਲਦ ਭਰਿਆ ਜਾਵੇਗਾ | ਇਹ ਵਿਚਾਰ ਲੋਕ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਪਿੰਡ ਲਸੋਈ ਵਿਖੇ ਉਪਦੇਸ਼ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਆਖੇ | ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਕੀਤਾ ਗਿਆ ਕਿ ਕਾਂਗਰਸ ਪਾਰਟੀ ਵਲੋਂ ਹਲਕਾ ਅਮਰਗੜ੍ਹ ਅੰਦਰ ਕਿਸੇ ਨੂੰ ਹਲਕਾ ਇੰਚਾਰਜ ਦੀ ਵਾਗਡੋਰ ਨਾ ਸੌਂਪੇ ਜਾਣ ਕਾਰਨ ਵਰਕਰ ਅਤੇ ਮੋਹਰਲੀ ਕਤਾਰ ਦੇ ਆਗੂ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਹਲਕਾ ਅਮਰਗੜ੍ਹ ਦੇ ਆਗੂ ਅਤੇ ਵਰਕਰ ਆਪਣੇ ਆਪ ਨੂੰ ਹੀਣਾ ਨਾ ਮਹਿਸੂਸ ਕਰਨ, ਇਸ ਲਈ ਉਹ ਖ਼ੁਦ ਅਮਰਗੜ੍ਹ ਅੰਦਰ ਜ਼ਿਆਦਾ ਵਿਚਰ ਰਹੇ ਹਨ ਅਤੇ ਕਾਂਗਰਸ ਹਾਈਕਮਾਂਡ ਨਾਲ ਮਿਲ ਕੇ ਹਲਕਾ ਇੰਚਾਰਜ ਦੀ ਖਾਲੀ ਪਈ ਜਗਾ ਨੂੰ ਵੀ ਛੇਤੀ ਹੀ ਭਰ ਲਿਆ ਜਾਵੇਗਾ | ਉਨ੍ਹਾਂ ਆਖਿਆ ਕਿ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅੰਦਰ ਪੂਰੀ ਤਾਕਤ ਝੋਕੀ ਜਾਵੇਗੀ | ਇਸ ਮੌਕੇ ਉਪਦੇਸ਼ ਪਬਲਿਕ ਸਕੂਲ ਲਸੋਈ ਦੇ ਪਿ੍ੰਸੀਪਲ ਅਮਨਦੀਪ ਸਿੰਘ, ਐਮ.ਡੀ. ਬਲਵਿੰਦਰ ਸਿੰਘ, ਸ. ਲਾਭ ਸਿੰਘ, ਪਿ੍ਤਪਾਲ ਸਿੰਘ ਰੂਬਲ ਨਾਰੀਕੇ, ਗੁਰਪ੍ਰੀਤ ਸਿੰਘ ਚੋਪੜਾ, ਗੁਰਮੀਤ ਸਿੰਘ ਲਸੋਈ, ਕੌਂਸਲਰ ਹਰਦੀਪ ਸਿੰਘ ਨੀਨੂ ਖੰਨਾ, ਸਾਬਕਾ ਸਰਪੰਚ ਹਰਪਿੰਦਰ ਸਿੰਘ ਰੁੜਕੀ ਕਲਾਂ, ਪਿ੍ੰਸੀਪਲ ਅਸ਼ਵਿੰਦਰ ਦਾਨੀ ਬਾਗੜੀਆਂ, ਪਰਮਜੀਤ ਸਿੰਘ ਪੰਮਾ ਧੀਮਾਨ ਲਸੋਈ, ਨੰਬਰਦਾਰ ਗਿਆਨ ਸਿੰਘ ਫੌਜੀ ਰੱਬੋਂ ਉੱਚੀ, ਅਵਤਾਰ ਸਿੰਘ ਕਾਲਾ ਲਸੋਈ ਆਦਿ ਹਾਜ਼ਰ ਸਨ |