ਸ਼ੇਰਪੁਰ, 21 ਜੁਲਾਈ (ਦਰਸ਼ਨ ਸਿੰਘ ਖੇੜੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲੇਰਾਂ ਪਿੰਡ ਦੇ ਸਰਵਪੱਖੀ ਵਿਕਾਸ ਲਈ 35 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਕਲੇਰਾਂ ਦੇ ਸਰਪੰਚ ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲਿਆਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਦਿਲ ਖੋਲ੍ਹ ਕੇ ਗਰਾਂਟਾਂ ਦੇ ਗੱਫੇ ਦਿੱਤੇ ਹਨ | ਸੰਤ ਕਲੇਰਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਪਾਣੀ ਦੇ ਨਿਕਾਸ ਲਈ ਪਾਈਪਾਂ ਪਾਉਣ ਲਈ ਵੀ ਗਰਾਂਟਾਂ ਦੇ ਕੇ ਨਿਵਾਜਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ਟੋਭੇ ਦੇ ਨਵੀਨੀਕਰਨ ਲਈ ਅਜੇ ਹੋਰ ਫ਼ੰਡ ਮੁਹੱਈਆ ਕਰਨ ਲਈ ਵਿਸ਼ਵਾਸ ਦਿਵਾਇਆ ਹੈ | ਪਿੰਡ ਦੀ ਪੰਚਾਇਤ ਵਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਨ ਵਾਲਿਆਂ ਵਿਚ ਸਤਿਨਾਮ ਸਿੰਘ ਪੰਚ, ਗੁਰਮੇਲ ਸਿੰਘ, ਜਗਸੀਰ ਸਿੰਘ ਪੰਚ, ਅੰਤਰਪਾਲ ਸਿੰਘ, ਹਰਵਿੰਦਰ ਸਿੰਘ ਕਲੱਬ ਪ੍ਰਧਾਨ, ਸੁਖਵਿੰਦਰ ਸਿੰਘ ਨੰਬਰਦਾਰ, ਪਵਿੱਤਰ ਸਿੰਘ ਆਦਿ ਮੌਜੂਦ ਸਨ |