ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸੁਨਾਮ-ਜਖੇਪਲ ਰੋਡ ਤੋਂ ਲੰਘਦੀਆਂ ਭੂੰਗ ਵਾਲੀਆਂ ਟਰਾਲੀਆਂ ਵਾਲਿਆਂ ਵਲੋਂ ਆਪਹੁਦਰੀ ਹੀ ਲੋਕਾਂ ਦੀ ਬਿਜਲੀ ਸਪਲਾਈ ਬੰਦ ਕਰਨ ਦੇ ਵਿਰੋਧ ਵਿਚ ਸੋਟਿਆਂ ਵਾਲਾ ਪੀਰ ਨੇੜਲੇ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਕਰਮ ਸਿੰਘ ਆਦਿ ਨੇ ਕਿਹਾ ਕਿ ਰਾਤ ਨੂੰ ਨੌ ਦਸ ਵਜੇ ਤੋਂ ਬਾਅਦ ਅਕਸਰ ਹੀ ਜਖੇਪਲ, ਧਰਮਗੜ੍ਹ ਆਦਿ ਪਿੰਡਾਂ ਵਲੋਂ ਭੂੰਗ ਦੀਆਂ ਟਰਾਲੀਆਂ ਇੱਥੋਂ ਦੀ ਹੋਕੇ ਲੰਘਦੀਆਂ ਹਨ ਪਰ ਸੜਕ 'ਤੇ ਬਿਜਲੀ ਦੀਆਂ ਤਾਰਾਂ ਨੀਵਿਆਂ ਹੋਣ ਕਾਰਨ ਟਰਾਲੀਆਂ ਵਾਲੇ ਬਿਨਾ ਕਿਸੇ ਮਹਿਕਮੇ ਦੀ ਮਨਜੂਰੀ ਤੋਂ ਇਸ ਖੇਤਰ ਦੇ ਸਤੀ ਮੰਦਿਰ ਨੇੜਲੇ ਟਰਾਂਸਫਾਰਮਰ ਦੀ ਸਵਿੱਚ ਕੱਟ ਕੇ ਬਿਜਲੀ ਬੰਦ ਕਰ ਦਿੰਦੇ ਹਨ ਤਾਂ ਜੋ ਉੱਚੀਆਂ ਟਰਾਲੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਜਾਣ ਤੇ ਕੋਈ ਹਾਦਸਾ ਨਾ ਵਾਪਰ ਜਾਵੇ | ਪਰ ਬਾਅਦ ਵਿਚ ਇਹ ਸਵਿੱਚ ਲਗਾ ਕੇ ਵੀ ਨਹੀਂ ਜਾਂਦੇ | ਬਿਜਲੀ ਸਪਲਾਈ ਬੰਦ ਹੋਣ ਕਾਰਨ ਤੇ ਗਰਮੀ ਦਾਮੇ ਮੌਸਮ 'ਚ ਉਨ੍ਹਾਂ ਦੇ ਪਰਿਵਾਰ ਨਿੱਕੇ- ਨਿੱਕੇ ਬੱਚਿਆਂ ਸਮੇਤ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਹਨ | ਇਸ ਸਬੰਧੀ ਪਾਵਰਕਾਮ ਸੁਨਾਮ ਸ਼ਹਿਰੀ ਦੇ ਐੱਸ. ਡੀ. ਓ. ਚਮਕੌਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੁਣੇ ਹੀ ਲਿਆਂਦਾ ਗਿਆ ਹੈ ਤੇ ਮਸਲੇ ਦੇ ਠੋਸ ਹੱਲ ਲਈ ਇਸ ਥਾਂ ਤੇ ਬਿਜਲੀ ਦਾ ਇੱਕ ਹੋਰ ਖੰਭਾ ਲਗਾਇਆ ਜਾ ਰਿਹਾ ਹੈ |