ਸੰਗਰੂਰ, 18 ਜੁਲਾਈ (ਧੀਰਜ ਪਸ਼ੋਰੀਆ)-ਜੱਜ ਰਾਜਨਦੀਪ ਕੌਰ ਬਿਲਿੰਗ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਜਤਿੰਦਰ ਕੁਮਾਰ ਭਵਾਨੀਗੜ੍ਹ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇਕ ਬਜ਼ੁਰਗ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 18 ਦਸੰਬਰ 2022 ਨੂੰ ਦਰਜ ਮਾਮਲੇ ਮੁਤਾਬਿਕ ਭਰਭੂਰ ਸਿੰਘ ਵਾਸੀ ਫੁੰਮਨਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਦਸੰਬਰ ਨੂੰ ਸਵੇਰੇ ਜਦ ਉਹ ਰੋਟੀ ਖਾ ਰਿਹਾ ਸੀ ਤਾਂ ਪਿੰਡ ਦਾ ਹੀ ਸੁਖਮਨ ਸਿੰਘ ਆ ਕੇ ਉਨ੍ਹਾਂ ਦੇ ਘਰ ਦੇ ਮੁੱਖ ਦਰਵਾਜ਼ੇ ਉੱਤੇ ਧੱਕੇ ਮਾਰਨ ਲੱਗਾ ਅਤੇ ਅੰਦਰ ਦਾਖਿਲ ਹੋ ਗਿਆ | ਕਹਿਣ ਲੱਗ ਕਿ ਤੁਹਾਡੇ ਘਰ ਮੇਰੇ ਸੋਫ਼ੇ ਪਏ ਹਨ, ਮੈਨੂੰ ਵੀਹ ਹਜ਼ਾਰ ਰੁਪਏ ਦਿਓ, ਪਰ ਭਰਭੂਰ ਸਿੰਘ ਨੂੰ ਉਸ ਨੂੰ ਕਿਹਾ ਕਿ ਕੋਈ ਗੱਲ ਨਹੀ ਆਪਾ ਹਿਸਾਬਾਂ ਕਰ ਲਵਾਂਗੇ | ਐਨੇ ਵਿਚ ਉਸ ਨੇ ਭਰਭੂਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਾੜੀ ਪੁੱਟ ਦਿੱਤੀ | ਕਈ ਜਗ੍ਹਾ ਸੱਟਾ ਵੀ ਮਾਰੀਆਂ | ਰੌਲਾ ਪਾਉਣ ਉੱਤੇ ਉਹ ਅਤੇ ਨਾਲ ਆਇਆ ਇੱਕ ਹੋਰ ਵਿਅਕਤੀ ਭੱਜ ਗਏ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਸੁਖਮਨ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |