ਮਲੇਰਕੋਟਲਾ, 17 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਭਾਰਤ ਦੇ ਖੇਤੀਬਾੜੀ ਸੈਕਟਰ ਦੇ ਅੰਦਰ ਆਧੁਨਿਕ ਖੇਤੀਬਾੜੀ ਮਸ਼ੀਨਰੀ ਸਬੰਧੀ ਦਸਮੇਸ਼ ਗਰੁੱਪ ਮਲੇਰਕੋਟਲਾ ਨੇ ਆਪਣਾ ਅਹਿਮ ਯੋਗਦਾਨ ਪਾ ਕੇ ਵੱਡੀਆਂ ਸੇਵਾਵਾਂ ਦਿੱਤੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਸਮੇਸ਼ ਕੰਬਾਈਨ ਮਲੇਰਕੋਟਲਾ ਦੇ ਦਫ਼ਤਰ ਵਿਖੇ ਗੱਲਬਾਤ ਦੌਰਾਨ ਕੀਤਾ | ਸਪੀਕਰ ਸੰਧਵਾਂ ਦਸਮੇਸ਼ ਕੰਬਾਈਨ ਦੇ ਐਮ.ਡੀ. ਗਿਆਨੀ ਅਮਰ ਸਿੰਘ ਦੇ ਸੱਦੇ ਤੇ ਮਲੇਰਕੋਟਲਾ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਦਸਮੇਸ਼ ਗਰੁੱਪ ਵੱਲੋਂ ਖੇਤੀਬਾੜੀ ਸੈਕਟਰ ਦੇ ਅੰਦਰ ਪੁਰਾਣੀ ਤੇ ਨਵੀਂ ਈਜਾਦ ਕੀਤੀ ਮਸ਼ੀਨਰੀ ਨੂੰ ਗਹੁ ਨਾਲ ਵਾਚਦਿਆਂ ਕਿਹਾ ਕਿ ਦਸਮੇਸ਼ ਗਰੁੱਪ ਨੇ ਭਾਰਤ ਭਰ ਦੇ ਖੇਤੀਬਾੜੀ ਸੈਕਟਰ ਦੇ ਅੰਦਰ ਹਰ ਕਿਸਮ ਦੀ ਨਵੀਂ ਮਸ਼ੀਨਰੀ ਰਾਹੀਂ ਖ਼ਾਸ ਰੁਤਬਾ ਹਾਸਲ ਕਰ ਕੇ ਵੱਡਾ ਨਾਂਅ ਕਮਾਇਆ ਹੈ ਤੇ ਇਹ ਸਾਡਾ ਆਪਣਾ ਪਰਿਵਾਰ ਹੈ | ਉਨ੍ਹਾਂ ਕਿਹਾ ਕਿ ਦਸਮੇਸ਼ ਗਰੁੱਪ ਵੱਲੋਂ ਕੰਬਾਈਨ ਤੋਂ ਲੈ ਕੇ ਖੇਤੀ ਦੀ ਹਰ ਛੋਟੀ ਵੱਡੀ ਮਸ਼ੀਨਰੀ ਪੰਜਾਬ ਤੇ ਭਾਰਤ ਦੀ ਕਿਸਾਨੀ ਦੀ ਖ਼ਾਸ ਪਸੰਦ ਮੰਨੀ ਜਾ ਰਹੀ ਹੈ ਤੇ ਇਸ ਗਰੁੱਪ ਨੇ ਖੇਤੀ ਸੈਕਟਰ ਦੇ ਅੰਦਰ ਆਧੁਨਿਕ ਇਨਕਲਾਬ ਲਿਆਂਦਾ ਹੈ | ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਖਿਆ ਕਿ ਮਲੇਰਕੋਟਲਾ ਦਾ ਦਸਮੇਸ਼ ਗਰੁੱਪ ਖੇਤੀਬਾੜੀ ਮਸ਼ੀਨਰੀ ਬਣਾਉਣ ਦੇ ਲਈ ਪੂਰੇ ਭਾਰਤ ਵਿਚ ਮਸ਼ਹੂਰ ਹੈ | ਉਨ੍ਹਾਂ ਕਿਹਾ ਕਿ ਦਸਮੇਸ਼ ਗਰੁੱਪ ਵਲੋਂ ਤਿਆਰ ਕੀਤੀ ਮਸ਼ੀਨਰੀ ਨੇ ਕਿਸਾਨ ਵਰਗ ਲਈ ਖੇਤੀ ਨੂੰ ਹੋਰ ਸੁਖਾਲਾ ਕਰ ਦਿੱਤਾ ਹੈ | ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਸਬੰਧੀ ਕੀਤੇ ਸਵਾਲ 'ਤੇ ਸਪੀਕਰ ਸੰਧਵਾਂ ਨੇ ਆਖਿਆ ਕਿ ਉੱਥੇ ਕੇਂਦਰ ਦੀ ਸਿਕਿਉਰਿਟੀ ਦੀ ਕੋਈ ਲੋੜ ਨਹੀਂ | ਪੰਜਾਬ ਦੇ ਜਵਾਨ ਚੜ੍ਹਦੀ ਕਲ੍ਹਾ ਵਾਲੇ ਯੋਧੇ ਹਨ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਕਾਨੂੰਨ ਬਣਾਉਣ ਦੇ ਨਾਲ ਮਾੜੇ ਅਨਸਰਾਂ ਨੂੰ ਸਖ਼ਤ ਸੁਨੇਹਾ ਗਿਆ ਹੈ ਤੇ ਅਗਲੇ ਸਮੇਂ ਨੂੰ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇਗੀ | ਕੁਲਤਾਰ ਸਿੰਘ ਸੰਧਵਾਂ ਨੂੰ ਮਲੇਰਕੋਟਲਾ ਵਿਖੇ ਪਹੁੰਚਣ 'ਤੇ ਜੀ ਆਇਆ ਕਹਿੰਦਿਆਂ ਐਮ.ਡੀ. ਗਿਆਨੀ ਅਮਰ ਸਿੰਘ ਨੇ ਆਖਿਆ ਕਿ ਸਪੀਕਰ ਸੰਧਵਾਂ ਵੱਲੋਂ ਦਸਮੇਸ਼ ਇੰਡਸਟਰੀ ਦਾ ਦੌਰਾ ਕਰਦਿਆਂ ਉਨ੍ਹਾਂ ਵੱਲੋਂ ਤਿਆਰ ਕੀਤੀ ਜਾ ਰਹੀ ਮਸ਼ੀਨਰੀ ਦੀ ਸ਼ਲਾਘਾ ਕੀਤੀ ਹੈ | ਇਸ ਮੌਕੇ ਮੋਹਣ ਸਿੰਘ, ਸੋਹਣ ਸਿੰਘ, ਪੀ. ਏ. ਗੁਰਮੁਖ ਸਿੰਘ ਸਰਪੰਚ ਪਿੰਡ ਖ਼ਾਨਪੁਰ, ਕਰਮ ਸਿੰਘ ਮੁੰਡੇ, ਕਰਨੈਲ ਸਿੰਘ, ਮੋਹਨ ਸਿੰਘ, ਹਰਪਾਲ ਸਿੰਘ ,ਚਰਨਜੀਤ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ, ਇੰਦਰਪ੍ਰੀਤ ਸਿੰਘ, ਮਨਜੀਤ ਸਿੰਘ , ਗੁਰਸੇਵਕ ਸਿੰਘ ਬਾਵਾ, ਆਪ ਆਗੂ ਦਿਲਵਰ ਚੁੰਘਾ ਸਣੇ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |