ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ)-ਸਿਟੀ ਪਾਰਕ ਕੁਝ ਸਮਾਂ ਪਹਿਲਾ ਸ਼ਹਿਰੀਆਂ ਦੀ ਪਹਿਲੀ ਪਸੰਦ ਸਮਝਿਆ ਜਾਂਦਾ ਸੀ | ਇਸ ਦੀ ਸਾਂਭ ਸੰਭਾਲ ਦੀ ਸਥਾਨਕ ਪਹਿਲਾ ਜ਼ਿੰਮੇਵਾਰੀ ਸਮਾਜ ਸੇਵੀ ਮੋਹਨ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਕੋਲ ਸੀ ਅਤੇ ਉਸ ਸਮੇਂ ਇਸ ਪਾਰਕ ਦੀ ਸੰਭਾਲ ਦੇ ਨਾਲ ਨਾਲ ਪਾਰਕ ਵਿਚ ਲੱਗੇ ਫੁਆਰੇ ਅਤੇ ਸਵੇਰ-ਸ਼ਾਮ ਬਾਗ ਦੇ ਪੂਰੇ ਕੰਪਲੈਕਸ ਵਿਚ ਚੱਲਦਾ ਮਿਊਜ਼ਿਕ ਸਿਸਟਮ ਸ਼ਬਦ ਗਾਇਨ ਅਤੇ ਮਿਊਜ਼ਿਕ ਦੀ ਰੌਣਕਾਂ ਲਗਾ ਕੇ ਪਾਰਕ ਵਿਚ ਆਉਂਦੇ ਸ਼ਹਿਰੀਆਂ ਦਾ ਮਨ ਮੋਹ ਲੈਂਦਾ ਸੀ | ਹੁਣ ਕੁਝ ਕੁ ਸਾਲ ਪਹਿਲਾ ਪ੍ਰਸ਼ਾਸਨ ਨੇ ਇਸ ਪਾਰਕ ਦੀ ਸੰਭਾਲ ਆਪਣੇ ਹੱਥ ਲੈ ਲਈ ਹੈ, ਪਰ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ, ਇਹ ਪਾਰਕ ਆਪਣੀ ਹੋਂਦ ਬਚਾਉਣ ਲਈ ਆਪਣੇ ਆਪ ਨੂੰ ਜੰਗ ਲੜਦਾ ਪ੍ਰਤੀਤ ਹੋ ਰਿਹਾ ਹੈ | ਸਿਟੀ ਪਾਰਕ ਵਿਚ ਮੌਜੂਦ ਸੰਸਥਾ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਸ਼ਾਮ ਲਾਲ ਸਿੰਗਲਾ ਨੇ ਪਾਰਕ ਦੀ ਸੰਭਾਲ ਅਤੇ ਸਫ਼ਾਈ ਦਾ ਮੁੱਦਾ ਜ਼ੋਰਦਾਰ ਢੰਗ ਨਲ ਉਠਾਉਂਦਿਆਂ ਕਿਹਾ ਕਿ ਸਿਟੀ ਪਾਰਕ ਇਸ ਵੇਲੇ ਜੰਗਲ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਜ਼ਹਿਰੀਲੇ ਜਾਨਵਰ ਇਸ ਪਾਰਕ ਵਿਚਲੇ ਜੰਗਲ ਨੂੰ ਆਪਣਾ ਘਰ ਬਣਾ ਰਹੇ ਹਨ | ਸਿਟੀ ਪਾਰਕ ਵਿਚ ਸੈਰ ਕਰਦਿਆਂ ਸ਼ਹਿਰੀਆਂ ਨੂੰ ਹਰ ਦੂਜੇ ਤੀਜੇ ਦਿਨ ਸੱਪਾਂ ਵਰਗੇ ਜ਼ਹਿਰੀਲੇ ਜਾਨਵਰਾਂ ਦੇ ਦਰਸ਼ਨ ਹੋ ਜਾਂਦੇ ਹਨ | ਸਿਟੀ ਪਾਰਕ ਵਿਚ ਲੱਖਾ ਰੁਪਏ ਦੀ ਸਲਾਨਾ ਆਮਦਨ ਹੋਣ ਦੀ ਹੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਕ ਵਿਚ ਦੋ ਫੁਹਾਰੇ ਸਨ ਜੋ ਪਿਛਲੇ ਤਿੰਨ ਸਾਲ ਤੋਂ ਬੰਦ ਹਨ ਤੇ ਮਿਊਜ਼ਿਕ ਸਿਸਟਮ ਵੀ ਨਵੇਂ ਕੇਅਰ ਟੇਕਰ ਦੀ ਆਮਦ ਤੋਂ ਵੱਧ ਹੈ | ਸੈਰ ਕਰਨ ਵੇਲੇ ਸਵੇਰੇ ਸ਼ਾਮ ਜੋ ਲਾਈਟਾਂ ਦਾ ਪ੍ਰਬੰਧ ਸੀ, ਟੁੱਟ ਚੁੱਕੀਆਂ ਹਨ | ਪਾਰਕ ਵਿਚਲੇ ਬਾਥਰੂਮ (ਪਖਾਨਿਆਂ) ਦਾ ਪ੍ਰਬੰਧ ਸੀਨੀਅਰ ਸਿਟੀਜ਼ਨ ਸੰਸਥਾ ਵਲੋਂ ਪ੍ਰਤੀ ਮਹੀਨਾ 1500 ਰੁਪਏ ਨਾਲ ਕਰਵਾਉਣ ਦੀ ਗੱਲ ਕਰਦਿਆਂ ਸ਼ਾਮ ਲਾਲ ਸਿੰਗਲਾ ਨੇ ਕਿਹਾ ਕਿ ਕਿ ਅਨੇਕਾਂ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਪ੍ਰਬੰਧ ਨਹੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਜਾਣਕਾਰੀ ਇਕੱਤਰ ਕੀਤੀ ਹੈ ਕਿ ਸਾਲ 2023-24 ਵਿਚ 10,97,084/- ਰੁਪਏ ਸਿਟੀ ਪਾਰਕ ਦੀ ਆਮਦਨ ਵਿਖਾਈ ਹੈ ਤੇ ਖਰਚਾ 5,61,708/- ਰੁਪਏ ਦਿਖਾਇਆ ਹੈ | ਇਸ ਪੈਸੇ ਦਾ ਪੂਰਾ ਵਰਣਨ ਨਹੀਂ ਦਿੱਤਾ ਜਾ ਰਿਹਾ ਹੈ | ਸਿਟੀ ਪਾਰਕ ਸੰਗਰੂਰ ਦੀ ਮੌਜੂਦਾ ਹਾਲਤਾਂ ਬਾਰੇ ਚਰਚਾਂ ਕਰਦਿਆਂ ਕਿਲ੍ਹਾਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਪਵਨ ਕੁਮਾਰ ਗਰਗ ਨੇ ਕਿਹਾ ਕਿ ਕਿਸੇ ਵੇਲੇ ਸਿਟੀ ਪਾਰਕ ਨੂੰ ਸੰਗਰੂਰ ਦੀ ਜਿੰਦ ਜਾਨ ਮੰਨਿਆਂ ਜਾਂਦਾ ਸੀ ਪਰ ਅੱਜ ਲੋਕੀ ਪਾਰਕ ਵਿਚ ਜਾਣ ਲੱਗਿਆ ਹੀ ਡਰ ਮਹਿਸੂਸ ਕਰਦੇ ਹਨ ਕਿਉਂਕਿ ਜ਼ਹਿਰੀਲੇ ਜਾਨਵਰ ਇਸ ਕਦਰ ਹਾਵੀ ਹਨ ਕਿ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲ ਆਧਾਰ ਉੱਤੇ ਸਿਟੀ ਪਾਰਕ ਦੀ ਸਫ਼ਾਈ ਕਰਵਾਏ | ਕਾਂਗਰਸ ਦੀ ਸੀਨੀਅਰ ਆਗੂ ਅਤੇ ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਸੰਗਰੂਰ ਦਾ ਕੋਈ ਵਾਲੀ ਵਾਰਸ ਹੀ ਨਹੀ ਹੈ | ਸੰਗਰੂਰ ਦੇ ਦੋਵੇਂ ਪਾਰਕ ਬਨਾਸਰ ਬਾਗ਼ ਅਤੇ ਸਿਟੀ ਪਾਰਕ ਇਸ ਵੇਲੇ ਮੰਦਹਾਲੀ ਦੇ ਦੌਰ ਵਿਚ ਲੰਘ ਰਹੇ ਹਨ ਅਤੇ ਜੇ ਪਾਰਕ ਦੀ ਸੰਭਾਲ ਨਾ ਕੀਤੀ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਵੀ ਮੰਗ ਕੀਤੀ ਹੈ ਕਿ ਸਿਟੀ ਪਾਰਕ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਰਿਪੂ ਢਿੱਲੋਂ ਨੇ ਕਿਹਾ ਕਿ ਸਵੇਰੇ ਸ਼ਾਮ ਇਸ ਬਾਗ਼ ਵਿਚ ਸ਼ਹਿਰੀਆਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ ਤੇ ਸਫ਼ਾਈ ਨਾ ਹੋਣ ਕਾਰਨ ਇੱਥੇ ਘੁੰਮਦੇ ਜ਼ਹਿਰੀਲੇ ਜਾਨਵਰ ਕਿਸੇ ਵੀ ਸ਼ਹਿਰੀ ਦੀ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ | ਇਸ ਲਈ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ |