ਧੂਰੀ, 16 ਜੁਲਾਈ (ਸੰਜੇ ਲਹਿਰੀ)-ਇੰਨੀ ਦਿਨੀਂ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਬਰਸਾਤਾਂ ਦੇ ਮੌਸਮ ਵਿਚ ਅਸਮਾਨ ਉੱਪਰ ਛਾਏ ਕਾਲੇ ਬੱਦਲ ਦੇਖ ਕੇ ਮੇਰਾ ਮਨ ਸਹਿਜੇ ਹੀ ਸੜਕਾਂ 'ਤੇ ਬਣੀਆਂ ਝੁੱਗੀਆਂ ਵੱਲ ਜਾਣ ਨੂੰ ਕੀਤਾ | ਮੈਂ ਆਪਣੇ ਨਾਲ ਮੌਜੂਦਾ 'ਆਪ' ਸਰਕਾਰ ਦਾ ਇੱਕ ਨੁਮਾਇੰਦਾ ਵੀ ਲੈ ਲਿਆ ਝੁੱਗੀਆਂ ਵਿਚ ਜਾ ਕੇ ਜਦੋਂ ਉਨ੍ਹਾਂ ਲੋਕਾਂ ਦੀ ਕਹਾਣੀ ਸੁਣੀ ਤਾਂ ਉਹ ਰੂਹ ਕੰਬਾਊ ਸੀ ਝੁੱਗੀਆਂ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਹ ਮੀਹ, ਹਨੇਰੀ, ਝੱਖੜ, ਗਰਮੀ, ਸਰਦੀ ਆਦਿ ਦਾ ਸੰਤਾਪ ਆਪਣੇ ਸਿਰਾਂ 'ਤੇ ਭੋਗਦੇ ਹਨ | ਕੋਈ ਪੱਕੀ ਛੱਤ ਨਾ ਹੋਣ ਕਾਰਨ ਉਨ੍ਹਾਂ ਨੂੰ ਹਮੇਸ਼ਾ ਆਪਣੇ ਉਜਾੜੇ ਦਾ ਡਰ ਵੀ ਬਣਿਆ ਰਹਿੰਦਾ ਹੈ | ਸਿਕਲੀਗਰ ਜਾਤੀ ਨਾਲ ਸੰਬੰਧਿਤ ਇਨ੍ਹਾਂ ਲੋਕਾਂ ਦਾ ਤੱਕਲੇ, ਖੁਰਚਣੇ, ਚਿਮਟੇ, ਤਾਂਸਲੇ, ਪੀਪਿਆਂ ਨੂੰ ਢੱਕਣ ਲਾਉਣ ਵਾਲਾ ਕੰਮ ਅੱਜ ਕੱਲ੍ਹ ਖ਼ਤਮ ਹੋ ਕੇ ਰਹਿ ਗਿਆ ਹੈ ਅਤੇ ਇਮਾਨਦਾਰੀ ਵਿਚ ਲਗਪਗ ਪਹਿਲੇ ਨੰਬਰ 'ਤੇ ਗਿਣੇ ਜਾਣ ਵਾਲੇ ਇਨ੍ਹਾਂ ਲੋਕਾਂ ਕੋਲ ਅੱਜ ਕੱਲ੍ਹ ਨਾ ਤਾਂ ਕੋਈ ਚੰਗਾ ਕਾਰੋਬਾਰ ਹੈ ਨਾ ਹੀ ਸਿਰਾਂ 'ਤੇ ਛੱਤ | ਬਰਾਦਰੀ ਦੇ ਇੱਕ ਬਜ਼ੁਰਗ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਵੋਟਰ ਕਾਰਡ ਤੇ ਅਧਾਰ ਕਾਰਡ ਤਾਂ ਹਨ, ਪਰ ਆਟਾ ਦਾਲ ਦੀ ਸੁਵਿਧਾ ਤੋਂ ਉਹ ਕੋਹਾਂ ਦੂਰ ਹਨ ਅਤੇ ਸਾਡੇ ਪਰਿਵਾਰਾਂ ਦੀ ਹਾਲਤ ਅਤਿ ਮੰਦੀ ਹੈ ਅਤੇ ਜੇਕਰ ਸਰਕਾਰ ਸਾਨੂੰ ਆਟਾ ਦਾਲ ਸਕੀਮ ਦਾ ਸਾਡਾ ਬਣਦਾ ਹੱਕ ਦੇ ਦੇਵੇ ਤਾਂ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸੁਖਾਲੇ ਕਰ ਸਕਦੇ ਹਾਂ, ਉਨ੍ਹਾਂ ਕਿਹਾ ਕਿ ਲੀਡਰ ਸਾਨੂੰ ਕੇਵਲ ਵੋਟਾਂ ਦੇ ਦਿਨਾਂ ਵਿਚ ਹੀ ਦਿਖਾਈ ਦਿੰਦੇ ਹਨ | ਇਕ ਬਜ਼ੁਰਗ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਵਸੇਬੇ ਜੋਗੀ ਜਗ੍ਹਾ ਦੇਣ ਦੇ ਉਲਟ ਉਨ੍ਹਾਂ ਦੀਆਂ ਕੱਚੀਆਂ ਝੁੱਗੀਆਂ ਹਟਾਉਣ ਲਈ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਮੇਰੇ ਨਾਲ ਗਏ 'ਆਪ' ਆਗੂ ਜਸਵੀਰ ਸਿੰਘ ਜੱਜ ਨੇ ਵੀ ਇਨ੍ਹਾਂ ਲੋੜਵੰਦ ਲੋਕਾਂ ਦੀ ਦਰਦ ਕਹਾਣੀ ਸੁਣ ਕੇ ਭਰੇ ਮਨ ਨਾਲ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਪਾਸ ਉਠਾਉਣ ਦਾ ਵਾਅਦਾ ਕੀਤਾ |