ਨਿਹਾਲ ਸਿੰਘ ਵਾਲਾ, 20 ਨਵੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਵਿਖੇ ਸਕੂਲ ਪੱਧਰੀ ਗਰਾਮ ਪੰਚਾਇਤ ਸਭਾ ਰੂਪੀ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ | ਜਿਸ 'ਚ ਕੁੱਲ 38 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲੁਹਾਰਾ ਪਿੰਡ ਦੇ ਸਰਪੰਚ ਪਰਮਜੀਤ ਕੌਰ, ਲਖਵੀਰ ਸਿੰਘ (ਸਮਾਜਿਕ ਕਾਰਜਕਰਤਾ) ਅਤੇ ਗਰਾਮ ਪੰਚਾਇਤ ਮੈਂਬਰਾਂ ਨੇ ਸ਼ਿਰਕਤ ਕੀਤੀ | ਇਹ ਸਭਾ ਗੁਰਜੀਤ ਸਿੰਘ ਪੀ.ਜੀ.ਟੀ. ਹਿਸਟਰੀ, ਆਸ਼ੂਤੋਸ਼ ਕੁਮਾਰ ਪੀ.ਜੀ.ਟੀ. ਅਰਥਸ਼ਾਸਤਰ ਦੀ ਅਗਵਾਈ ਹੇਠ ਤਿਆਰ ਕੀਤੀ ਗਈ | ਇਸ ਸਭਾ ਦਾ ਮੁੱਖ ਉਦੇਸ਼ ਜਨਤਕ ਸਮੱਸਿਆਵਾਂ ਬਾਰੇ ਚਰਚਾ ਕਰਨਾ, ਨਵੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਕਰਨਾ ਅਤੇ ਪਿੰਡ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣਾ ਸੀ | ਇਸ ਮੌਕੇ ਸਭਾ 'ਚ ਆਏ ਪਿੰਡ ਵਾਸੀਆਂ ਦਾ ਕਿਰਦਾਰ ਨਿਭਾਅ ਰਹੇ ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ | ਪ੍ਰੋਗਰਾਮ ਦੇ ਅੰਤ 'ਚ ਵਿਦਿਆਲਿਆ ਦੇ ਉਪ ਪ੍ਰਧਾਨ ਸੈਲੇਸ਼ ਗੁਪਤਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪ੍ਰੋਗਰਾਮ 'ਚ ਪੁੱਜੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ |