10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬੇਟੀ ਨਾਲ ਘਰ ਪਰਤ ਰਹੇ ਨੌਜਵਾਨ ਦੀ ਕਾਰ 'ਤੇ ਫਾਇਰਿੰਗ

ਫ਼ਾਜ਼ਿਲਕਾ, 10 ਨਵੰਬਰ (ਬਲਜੀਤ ਸਿੰਘ) - ਫ਼ਾਜ਼ਿਲਕਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੁਰੇਸ਼ਵਾਲਾ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ...

ਅਜੀਤ ਡੈਸਕ 10-11-2026

ਫ਼ਾਜ਼ਿਲਕਾ, 10 ਨਵੰਬਰ (ਬਲਜੀਤ ਸਿੰਘ) - ਫ਼ਾਜ਼ਿਲਕਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੁਰੇਸ਼ਵਾਲਾ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਦੂਜੀ ਕਾਰ ਦਾ ਪਿੱਛਾ ਕਰਦਿਆਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿਚ ਕਾਰ ਸਵਾਰ ਨੌਜਵਾਨ ਅਤੇ ਉਸ ਦੀ ਛੋਟੀ ਬੇਟੀ ਵਾਲ-ਵਾਲ ਬਚ ਗਏ। ਹਾਲਾਂਕਿ ਕਾਰ 'ਤੇ ਦੋ ਗੋਲੀਆਂ ਲੱਗਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਮਨੀਸ਼ ਕੁਮਾਰ ਵਾਸੀ ਪਿੰਡ ਸੁਰੇਸ਼ਵਾਲਾ ਨੇ ਦੱਸਿਆ ਕਿ ਉਹ ਆਪਣੀ ਛੋਟੀ ਬੇਟੀ ਨਾਲ ਫ਼ਾਜ਼ਿਲਕਾ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਇਸ ਦੌਰਾਨ ਫ਼ਾਜ਼ਿਲਕਾ ਤੋਂ ਹੀ ਇਕ ਸਵਿਫਟ ਕਾਰ ਉਸ ਦੇ ਪਿੱਛੇ ਲੱਗ ਗਈ। ਕਾਰ ਸਵਾਰ ਵਿਅਕਤੀ ਉਸ ਨੂੰ ਕੁਝ ਕਹਿ ਰਹੇ ਸਨ, ਜਿਸ ਤੋਂ ਬਾਅਦ ਉਹ ਆਪਣੀ ਕਾਰ ਭਜਾ ਕੇ ਪਿੰਡ ਸੁਰੇਸ਼ਵਾਲਾ ਸਥਿਤ ਆਪਣੇ ਘਰ ਪਹੁੰਚ ਗਿਆ।
ਮਨੀਸ਼ ਕੁਮਾਰ ਅਨੁਸਾਰ ਸਵਿਫਟ ਕਾਰ ਸਵਾਰਾਂ ਨੇ ਉਸ ਦਾ ਪਿੱਛਾ ਕਰਦਿਆਂ ਘਰ ਤੱਕ ਪਹੁੰਚ ਕੀਤੀ। ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਸਵਿਫਟ ਕਾਰ ਵਿਚੋਂ ਕੁਝ ਵਿਅਕਤੀ ਬਾਹਰ ਨਿਕਲੇ ਅਤੇ ਉਸ ਦੀ ਕਾਰ 'ਤੇ ਫਾਇਰਿੰਗ ਕਰ ਦਿੱਤੀ। ਉਸ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਦੋ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿਚੋਂ ਇਕ ਗੋਲੀ ਕਾਰ ਦੇ ਸ਼ੀਸ਼ੇ ਅਤੇ ਦੂਜੀ ਕਾਰ ਦੀ ਬਾਡੀ 'ਤੇ ਲੱਗੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਉਸ ਨੂੰ ਜਾਂ ਉਸ ਦੀ ਬੇਟੀ ਨੂੰ ਕੋਈ ਸੱਟ ਨਹੀਂ ਲੱਗੀ।
ਉੱਧਰ, ਪਿੰਡ ਸੁਰੇਸ਼ਵਾਲਾ ਦੇ ਸਰਪੰਚ ਸੁਧੀਰ ਕੁਮਾਰ ਨੇ ਦੱਸਿਆ ਕਿ ਮਨੀਸ਼ ਕੁਮਾਰ ਉਨ੍ਹਾਂ ਦਾ ਭਤੀਜਾ ਹੈ ਅਤੇ ਉਹ ਸ਼ਹਿਰ ਤੋਂ ਪਿੰਡ ਵਾਪਸ ਆ ਰਿਹਾ ਸੀ, ਜਦੋਂ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿਚ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਿਆ ਜਾਵੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰਪੰਚ ਨੇ ਇਹ ਵੀ ਦੱਸਿਆ ਕਿ ਘਟਨਾ ਨਾਲ ਸੰਬੰਧਿਤ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।
ਇਸ ਸੰਬੰਧੀ ਫ਼ਾਜ਼ਿਲਕਾ ਸਦਰ ਥਾਣੇ ਦੀ ਐਸ.ਐਚ.ਓ. ਸ਼ਿਮਲਾ ਰਾਣੀ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪਿਛਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: 7 ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਤੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਅਗਲੀ ਖ਼ਬਰ ਸੀ.ਆਈ.ਐੱਸ.ਸੀ.ਈ. ਵਲੋਂ ਆਈ.ਸੀ.ਐੱਸ..ਈ.– 10ਵੀਂ ਅਤੇ ਆਈ.ਐੱਸ.ਸੀ.–12ਵੀਂ ਸਾਲ 2027 ਦੀਆਂ ਪ੍ਰੀਖਿਆਵਾਂ ਲਈ ਸਮਾਂ-ਸਾ...