ਬਾਘਾ ਪੁਰਾਣਾ, 20 ਨਵੰਬਰ (ਟਿੰਕੂ ਕਾਠਪਾਲ)-ਸਥਾਨਕ ਲੋਕਲ ਪੁਲਿਸ ਤੇ ਟਰੈਫ਼ਿਕ ਪੁਲਿਸ ਵਲੋਂ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਾਉਣ ਲਈ ਥਾਂ-ਥਾਂ 'ਤੇ ਨਾਕੇ ਲਗਾ ਕੀਤੀ ਜਾ ਰਹੀ ਚੈਕਿੰਗ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ | ਚੈਕਿੰਗ ਦੌਰਾਨ ਟਰੈਫ਼ਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਵਾਹਨ ਜਿਵੇਂ ਸਕੂਲ ਬੱਸਾਂ ਅਤੇ ਹਰ ਵਾਹਨਾਂ ਦੀ ਸੀਟ ਬੈਲਟਾਂ ਵਹੀਕਲਾਂ ਦੀ ਆਰ.ਸੀ. ਡਰਾਈਵਿੰਗ ਲਾਇਸੈਂਸ ਇੰਸ਼ੋਰੈਂਸ, ਪ੍ਰਦੂਸ਼ਣ, ਕਾਲੀ ਫ਼ਿਲਮਾਂ ਤੋਂ ਇਲਾਵਾ ਹੋਰ ਵੱਡੇ ਪੱਧਰ 'ਤੇ ਚਲਾਨ ਕੀਤੇ ਜਾਂਦੇ ਹਨ ਪਰ ਦੇਖਣ ਵਿਚ ਆਇਆ ਹੈ ਕਿ ਸੜਕਾਂ 'ਤੇ ਮਿੱਟੀ ਨਾਲ ਭਰੇ ਹੋਏ ਓਵਰਲੋਡ ਬਿਨ੍ਹਾਂ ਤਰਪਾਲ ਟਿੱਪਰ ਵਿਚੋਂ ਬਹੁਤੇ ਟਿੱਪਰਾਂ ਦੇ ਪਿਛਲੇ ਪਾਸੇ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ ਜੋ ਸੜਕਾਂ 'ਤੇ ਲੱਗੇ ਪੁਲਿਸ ਨਾਕਿਆਂ ਤੋਂ ਇਸ ਤਰ੍ਹਾਂ ਤੇਜ਼ ਰਫ਼ਤਾਰ ਗੁਜ਼ਰਦੇ ਹਨ ਜਿਵੇਂ ਇਨ੍ਹਾਂ ਨੂੰ ਕਿਸੇ ਕਾਨੂੰਨ, ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਡਰ ਨਾ ਹੋਵੇ, ਮਿੱਟੀ ਨਾਲ ਭਰੇ ਬਿਨ੍ਹਾਂ ਤਰਪਾਲ ਨਾਲ ਢਕੇ ਮਿੱਟੀ/ਰੇਤਾ ਦੇ ਭਰੇ ਇਨ੍ਹਾਂ ਟਿੱਪਰਾਂ ਕਾਰਨ ਪਿੱਛੇ ਆ ਰਹੇ ਮੋਟਰਸਾਈਕਲਾਂ ਸਕੂਟਰਾਂ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਰਾਹਗੀਰਾਂ ਨੇ ਦੋਸ਼ ਲਾਇਆ ਕਿ ਕਾਨੰੂਨ ਸਿਰਫ਼ ਗ਼ਰੀਬਾਂ ਲੋਕਾਂ ਲਈ ਬਣੇ ਜਾਪਦੇ ਹਨ | ਸੜਕਾਂ 'ਤੇ ਬੈਕ ਆਫ਼ ਚੱਲ ਰਹੇ ਮਿੱਟੀ ਨਾਲ ਭਰੇ ਟਿੱਪਰ ਬਿਨ੍ਹਾਂ ਨੰਬਰ ਦੇ ਲਈ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਕੁੰਭਕਰਨ ਦੀ ਨੀਂਦ ਸੁੱਤਾ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ ਕਿਉਂਕਿ ਇਹ ਧਨਾਢ ਲੋਕਾਂ/ਕਾਨੰੂਨ ਨੂੰ ਆਪਣੀ ਜੇਬ ਵਿਚ ਹੀ ਰੱਖਦੇ ਹਨ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵਲੋਂ ਕਦੋਂ ਬਿਨਾਂ ਨੰਬਰੀ ਅਤੇ ਬਿਨਾਂ ਤਰਪਾਲ ਮਿੱਟੀ ਨਾਲ ਭਰੇ ਟਿਪਰਾਂ 'ਤੇ ਕਾਰਵਾਈ ਹੁੰਦੀ ਹੈ |