ਮੋਗਾ, 20 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਜਰਨਲ ਸਕੱਤਰ ਹਰਪ੍ਰੀਤ ਸਿੰਘ ਦੀਦਾਰੇਵਾਲਾ ਨੇ ਚਲਾਈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜਸਵੀਰ ਸਿੰਘ ਮੰਦਰ, ਮਨਪ੍ਰੀਤ ਸਿੰਘ ਵਰ੍ਹੇ, ਬਲਦੇਵ ਸਿੰਘ ਖੁਖਰਾਣਾ, ਬਲਜਿੰਦਰ ਸਿੰਘ ਰੋਡੇ ਨੇ ਵੀ ਵਿਚਾਰ ਰੱਖੇ | ਇਸ ਮੌਕੇ ਮਾਸਟਰ ਜਰਨੈਲ ਸਿੰਘ ਵੈਰੋਕੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਦਲੀਪ ਸਿੰਘ ਰੌਲੀ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਚਾਨਕ ਮੌਤ 'ਤੇ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ | ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਦੱਸਿਆ ਕਿ ਜ਼ਿਆਦਾ ਬਾਰਸ਼ਾਂ ਪੈਣ ਕਾਰਨ ਝੋਨੇ ਦਾ ਝਾੜ ਬਹੁਤ ਘੱਟ ਗਿਆ ਹੈ | ਕਿਸਾਨੀ ਦੀ ਪੁਰਜ਼ੋਰ ਮੰਗ ਹੈ ਕਿ 500 ਰੁਪਏ ਪ੍ਰਤੀ ਕੁਇੰਟਲ ਝੋਨੇ 'ਤੇ ਬੋਨਸ ਦਿੱਤਾ ਜਾਵੇ | ਅਨਾਜ ਦੀ ਸਕਿਉਰਿਟੀ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਬਿਨ੍ਹਾਂ ਵਿਆਜ ਤੋਂ ਕਰਜ਼ਾ ਮੁਹੱਈਆ ਕਰਵਾਇਆ ਜਾਵੇ | ਕਿਸਾਨਾਂ ਦੀ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣ ਕਾਰਨ ਉਨ੍ਹਾਂ 'ਤੇ ਕੀਤੇ ਜੁਰਮਾਨੇ, ਪਰਚੇ, ਜਮ੍ਹਾਂਬੰਦੀ ਵਿਚ ਹੋਣ ਵਾਲੇ ਲਾਲ ਇੰਦਰਾਜ ਬੰਦ ਕੀਤੇ ਜਾਣ | ਕਿਸਾਨਾਂ ਨੂੰ ਸਬਸਿਡੀ 'ਤੇ ਡੀਜ਼ਲ ਮੁਹੱਈਆ ਕਰਾਇਆ ਜਾਣਾ ਸਰਕਾਰ ਵਲੋਂ ਯਕੀਨੀ ਬਣਾਇਆ ਜਾਵੇ ਤਾਂ ਕਿ ਖੇਤ ਵਿਚ ਪਰਾਲੀ ਪ੍ਰਬੰਧਨ ਵਾਸਤੇ ਕਿਸਾਨਾਂ 'ਤੇ ਪੈ ਰਹੇ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ | ਇਸ ਮੌਕੇ ਮੇਜਰ ਸਿੰਘ ਘੋਲੀਆ, ਧਰਮਕੋਟ ਨਛੱਤਰ ਸਿੰਘ, ਮਾਸਟਰ ਪ੍ਰੇਮ ਸਿੰਘ, ਜਸਵਿੰਦਰ ਸਿੰਘ, ਜੁਗਰਾਜ ਸਿੰਘ, ਵਕੀਲ ਸਿੰਘ, ਛਿੰਦਰ ਸਿੰਘ, ਮੁਕੰਦ ਸਿੰਘ, ਲਖਵੀਰ ਸਿੰਘ, ਭਗਵੰਤ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਸੇਵਕ ਸਿੰਘ, ਡੋਗਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ, ਬਾਬੂ ਸਿੰਘ ਆਦਿ ਹਾਜ਼ਰ ਸਨ |