ਕਾਲਾ ਸੰਘਿਆਂ (ਕਪੂਰਥਲਾ), 3 ਨਵੰਬਰ (ਬਲਜੀਤ ਸਿੰਘ ਸੰਘਾ) - ਸਿੱਧਵਾਂ ਦੋਨਾ ਤੋਂ ਕਾਲਾਰਾਂ ਰੋਡ 'ਤੇ ਮਾਛੀਪਾਲ-ਕਾਹਲਵਾਂ ਨੇੜੇ ਕਿਸਾਨ ਵਲੋਂ ਹਜ਼ਾਰਾਂ ਏਕੜ ਖੇਤਾਂ ਦੀ ਪਰਾਲੀ ਦੀਆਂ ਇਕੱਠੀਆਂ ਕੀਤੀਆਂ ਗੱਠਾਂ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਚੀ ਪਰਾਲੀ ਦਾ ਡੰਪ ਉਸ ਦੇ ਚਚੇਰਾ ਭਰਾ ਬਿਕਰਮ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਥਿਗਲੀ, ਗੁਰਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਮੱਤੀ ਜ਼ਿਲ੍ਹਾ ਮਾਨਸਾ ਅਤੇ ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਮੱਜੂਪੁਰ (ਅੰਮਿਤਸਰ) ਵਲੋਂ ਇਲਾਕੇ ਦੇ ਕਿਸਾਨਾਂ ਨਾਲ਼ ਮੀਟਿੰਗ ਕਰਕੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਲਾਮਬੰਦ ਕਰਕੇ ਕਿਸਾਨਾਂ ਤੋਂ ਪਰਾਲੀ ਖ਼ਰੀਦੀ ਅਤੇ ਇਕ ਸਾਂਝਾ ਡੰਪ ਬਣਾ ਕੇ ਪਰਾਲੀ ਜਮ੍ਹਾਂ ਕੀਤੀ ਤਾਂ ਕਿ ਵੱਖ-ਵੱਖ ਸਰਕਾਰੀ ਤੇ ਨਿੱਜੀ ਮਿੱਲਾਂ ਕਾਰਖਾਨਿਆਂ ਨੂੰ ਵੱਖ-ਵੱਖ ਕੰਮਾਂ ਲਈ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਉਕਤ ਭਾਈਵਾਲਾਂ ਵਲੋਂ 12 ਹਜ਼ਾਰ ਕੁਇੰਟਲ ਛੋਟੀ ਗੱਠ, 16 ਹਜ਼ਾਰ ਕੁਇੰਟਲ ਗੋਲ ਗੱਠਾਂ ਅਤੇ 8 ਹਜ਼ਾਰ ਕੁਇੰਟਲ ਛੋਟੀਆਂ ਵੱਖਰੀਆਂ ਗੱਠਾਂ ਪਰਾਲੀ ਦੀਆਂ ਰੱਖੀਆਂ ਗਈਆਂ ਸਨ ਅਤੇ ਸੜਕ ਵਾਲੇ ਪਾਸੇ ਪਰਾਲੀ ਦੀਆਂ ਗੱਠਾਂ ਦੀ ਸੁਰੱਖਿਆ ਲਈ 2 ਸਕਿਓਰਟੀ ਗਾਰਡ ਵੀ ਤਾਇਨਾਤ ਕੀਤੇ ਗਏ ਸਨ ਪਰ ਅੱਜ ਕਰੀਬ 2 ਵਜੇ ਅਚਾਨਕ ਪਰਾਲੀ ਦੇ ਡੰਪ ਨੂੰ ਅੱਗ ਲੱਗ ਗਈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਕਤ ਕਿਸਾਨ ਭਾਈਵਾਲਾਂ ਦਾ 90 ਤੋਂ 95 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਨਾਲ਼ ਤਿੰਨੋਂ ਭਾਈਵਾਲ ਗਹਿਰੇ ਸਦਮੇ ਵਿਚ ਹਨ।
ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਰੀਬ 2 ਵਜੇ ਹੀ ਫੋਨ ਕੀਤਾ ਅਤੇ ਕਰੀਬ 3 ਵਜੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਆਈ ਤੇ ਕਰੀਬ 4 ਵਜੇ ਦੂਜੀ ਗੱਡੀ ਆਈ ਪਰ ਉਦੋ ਤੱਕ ਪਰਾਲੀ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਇਲਾਕੇ ਵਿੱਚ ਇੰਨੀ ਵੱਡੀ ਘਟਨਾ ਵਾਪਰਨ ਤੇ ਕਿਸੇ ਵੀ ਵਿਭਾਗ ਵੱਲੋਂ ਸ਼ਾਮ ਤੱਕ ਕੋਈ ਸਾਰ ਨਹੀਂ ਲਈ ਗਈ ਅਤੇ ਖ਼ਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡੰਪ ਲਗਾਉਣ ਵਾਲੇ ਭਾਈਵਾਲਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕਾਰੋਬਾਰ ਦੇ ਨਾਲ਼ ਨਾਲ਼ ਸਰਕਾਰ ਵਲੋਂ ਪਰਾਲੀ ਨਾ ਸਾੜੇ ਜਾਣ ਦੀ ਚਲਾਈ ਮੁਹਿੰਮ ਵਿਚ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੋਗਦਾਨ ਪਾਇਆ ਜਾ ਰਿਹਾ ਸੀ ਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਸਾਨੂੰ ਬਣਦਾ ਮੁਆਵਜਾ ਜਾਰੀ ਕਰਨਾ ਚਾਹੀਦਾ ਹੈ।