22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦੁੱਨੇਕੇ ਵਿਖੇ ਭਾਰਤ ਮਾਲਾ ਪ੍ਰਾਜੈਕਟ ਦੇ ਅਧਿਕਾਰੀ ਤੇ ਵਸਨੀਕ ਹੋਏ ਆਹਮੋ-ਸਾਹਮਣੇ

ਅਜੀਤ ਡੈਸਕ 22-07-2025
ਮੋਗਾ, 21 ਜੁਲਾਈ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਮੋਗਾ 'ਚੋਂ ਲੰਘਣ ਵਾਲਾ ਐਨ. ਐਚ. ਐਮ. 105 ਜੋ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਸੜਕ ਤੇ ਪੁਲ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਬਣਾਇਆ ਜਾ ਰਿਹਾ ਹੈ ਜੋ ਕਿ ਪਿੰਡ ਦੁੱਨੇਕੇ ਕੋਲ ਦੀ ਹੋ ਕੇ ਅਗਾਂਹ ਨਿਕਲ ਜਾਂਦਾ ਹੈ ਪਰ ਅੱਜ ਪਿੰਡ ਦੁੱਨੇਕੇ ਵਿਖੇ ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਤੇ ਪੈਸੇ ਦੀ ਅਦਾਇਗੀ ਨੂੰ ਲੈ ਕੇ ਜਗ੍ਹਾ ਤੇ ਮਕਾਨਾਂ ਦੇ ਮਾਲਕ ਆਹਮੋ-ਸਾਹਮਣੇ ਹੋ ਗਏ | ਸਥਿਤੀ ਨੂੰ ਕਾਬੂ ਕਰਨ 'ਚ ਭਾਵੇਂ ਐਸ. ਪੀ. ਸੰਦੀਪ ਸਿੰਘ, ਡੀ. ਐਸ. ਪੀ. ਸਿਟੀ ਮੋਗਾ ਗੁਰਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਮੋਗਾ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਭਾਰਤ ਮਾਲਾ ਪ੍ਰਾਜੈਕਟ ਦੇ ਅਧੀਨ ਆਉਣ ਵਾਲੇ ਘਰਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਪਰ ਗੱਲਬਾਤ ਸਿਰੇ ਨਾ ਲੱਗੀ | ਮਕਾਨ ਮਾਲਕਾਂ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਜੋ ਪੈਸੇ ਦਿੱਤੇ ਜਾ ਰਹੇ ਹਨ ਉਹ ਖੇਤੀਬਾੜੀ ਦੀ ਜਗ੍ਹਾ ਸਮਝ ਕੇ ਦਿੱਤੇ ਜਾ ਰਹੇ ਹਨ ਜਦ ਕਿ ਉਨ੍ਹਾਂ ਨੇ ਮਕਾਨ ਪਾਉਣ ਵਾਲੇ ਆਪਣੇ ਘਰ ਕਮਰਸ਼ੀਅਲ ਜਗ੍ਹਾ ਖ਼ਰੀਦ ਕੇ ਬਣਾਏ ਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ 10 ਲੱਖ ਦੇ ਕਰੀਬ ਮਰਲਾ ਰਕਮ ਦਿੱਤੀ ਜਾਵੇ | ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਉਨ੍ਹਾਂ ਨੇ ਵਾਰ-ਵਾਰ ਉਨ੍ਹਾਂ ਨੂੰ ਆਪਣੇ ਮਕਾਨ ਹਟਾ ਲੈਣ ਲਈ ਆਖਿਆ ਸੀ ਪਰ ਉਹ ਆਪਣੇ ਮਕਾਨ ਹਟਾ ਨਹੀਂ ਸਕੇ, ਇਸ ਕਰ ਕੇ ਭਾਰਤ ਮਾਲਾ ਦਾ ਪ੍ਰਾਜੈਕਟ ਚੱਲ ਨਹੀਂ ਸਕਿਆ | ਉਨ੍ਹਾਂ ਇਹ ਵੀ ਦੱਸਿਆ ਕਿ ਹਰ ਮਕਾਨ ਦੀ ਜਾਂ ਖ਼ਾਲੀ ਪਲਾਟ ਦੀ ਜਿੰਨੀ ਵੀ ਜਗ੍ਹਾ ਹੈ, ਰਜਿਸਟਰੀ ਦੇ ਮੁਤਾਬਿਕ ਖੇਤੀਬਾੜੀ ਜਗ੍ਹਾ ਲਿਖੀ ਗਈ ਹੈ ਤੇ ਉਹ ਤਿੰਨ ਗੁਣਾ ਰਕਮ ਵੱਧ ਦੇ ਰਹੇ ਹਨ | ਅਖੀਰ ਗੱਲ ਸਿਰੇ ਨਾ ਚੜ੍ਹਦੀ ਵੇਖ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਪੁਲਿਸ ਬਲ ਨੂੰ ਲੈ ਕੇ ਰਸਤੇ ਵਿਚ ਆਉਣ ਵਾਲੇ ਮਕਾਨਾਂ ਨੂੰ ਜਬਰੀ ਢਾਹ ਦਿੱਤਾ, ਜਿਸ ਨਾਲ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਘਰ ਢਾਹ ਦਿੱਤੇ ਗਏ | ਜ਼ਿਕਰਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਕ ਮਾਮਲੇ ਦਾ ਕੋਈ ਵੀ ਹੱਲ ਨਾ ਨਿਕਲ ਸਕਿਆ ਤੇ ਭਾਰੀ ਪੁਲਿਸ ਪ੍ਰਸ਼ਾਸਨ ਤੇ ਅਧਿਕਾਰੀ ਜਿਉਂ ਦੇ ਤਿਉਂ ਮੌਕੇ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਬਦਲਾਅ ਦੇ ਨਾਂਅ 'ਤੇ ਆਈ ਮਾਨ ਸਰਕਾਰ ਨੇ ਅਜੇ ਤੱਕ ਇਕ ਵੀ ਨਵੀਂ ਬੱਸ ਰੋਡਵੇਜ਼ 'ਚ ਨਹੀਂ ਪਾਈ-ਆਗੂ ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵਿਖੇ ਕੱਲ੍ਹ ਤੇ ਖੋਸਾ ਪਾਂਡੋ ਵਿਖੇ 24 ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ- ਜ਼ਿਲ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।