ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ ਅੱਜ ਪੰਜਾਬ ਸਰਕਾਰ ਨੂੰ ਇਕ ਮਹੱਤਵਪੂਰਨ ਸਿਵਲ ਰਿੱਟ ਪਟੀਸ਼ਨ 'ਤੇ ਇਕ ਵੱਡਾ ਨਿਰਦੇਸ਼ ਜਾਰੀ ਕੀਤਾ ਹੈ ਜਿਸ 'ਚ ਕੇਂਦਰ ਸਰਕਾਰ ਦੀ ਤਰਜ਼ 'ਤੇ ਪੰਜਾਬ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਨੂੰ 730 ਦਿਨ (ਦੋ ਸਾਲ) ਬਾਲ ਦੇਖਭਾਲ ਛੁੱਟੀ (ਸੀ.ਸੀ.ਐਲ.) ਦੇਣ ਦੀ ਮੰਗ ਕੀਤੀ ਗਈ ਹੈ | ਇਹ ਪਟੀਸ਼ਨ ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਵਲੋਂ ਦਾਇਰ ਕੀਤੀ ਗਈ ਸੀ, ਜਿਸ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦੇ ਕੇਂਦਰੀ ਸਿਵਲ ਸੇਵਾ ਨਿਯਮਾਂ ਅਨੁਸਾਰ, ਮਹਿਲਾ ਮੁਲਾਜ਼ਮਾਂ ਨੂੰ 730 ਦਿਨਾਂ (ਦੋ ਸਾਲ) ਦਾ ਸੀ.ਸੀ.ਐਲ. ਦਿੱਤਾ ਜਾਂਦਾ ਹੈ | ਜਦੋਂ ਕਿ ਪੰਜਾਬ 'ਚ, ਸਿਰਫ਼ 365 ਦਿਨਾਂ (ਇਕ ਸਾਲ) ਦੀ ਬਾਲ ਦੇਖਭਾਲ ਛੁੱਟੀ ਦਾ ਪ੍ਰਬੰਧ ਅਜੇ ਵੀ ਲਾਗੂ ਹੈ | ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਡਵੀਜ਼ਨ ਬੈਂਚ ਨੇ ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪਟੀਸ਼ਨਰਾਂ ਵਲੋਂ ਕੀਤੀ ਗਈ ਪ੍ਰਤੀਨਿਧਤਾ/ਅਰਜ਼ੀ 'ਤੇ ਵਿਚਾਰ ਕਰਨ ਅਤੇ ਤਿੰਨ ਮਹੀਨਿਆਂ ਦੇ ਅੰਦਰ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ |