ਚੰਡੀਗੜ੍ਹ, 20 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਲੋਂ ਪੰਜਾਬ ਦੀਆਂ ਸੱਠ ਤੋਂ ਵੱਧ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਅਤੇ ਸਮਾਜਿਕ ਕਾਰਕੁਨਾਂ ਦੀ ਇਕ ਸਾਂਝੀ ਮੀਟਿੰਗ ਸਟੂਡੈਂਟ ਸੈਂਟਰ ਵਿਖੇ ਬੁਲਾਈ ਗਈ | ਜਿਸ ਵਿਚ ਕਿਸਾਨ ਜਥੇਬੰਦੀਆਂ, ਵਿਦਿਆਰਥੀ ਸੰਗਠਨਾਂ ਅਤੇ ਹੋਰ ਕਰਮਚਾਰੀ ਯੂਨੀਅਨਾਂ ਨੇ ਹਿੱਸਾ ਲਿਆ | ਸਾਰੀਆਂ ਜਥੇਬੰਦੀਆਂ ਨੂੰ ਮੋਰਚੇ ਦੀ ਵਰਤਮਾਨ ਸਥਿਤੀ, ਯੂਨੀਵਰਸਿਟੀ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਅਤੇ ਸੈਨੇਟ ਚੋਣਾਂ ਦੇ ਵੇਰਵੇ ਦੇ ਐਲਾਨ ਵਿਚ ਹੋ ਰਹੀ ਲਗਾਤਾਰ ਦੇਰੀ ਬਾਰੇ ਜਾਣਕਾਰੀ ਦਿੱਤੀ | ਯੂਨੀਵਰਸਿਟੀ ਪ੍ਰਸ਼ਾਸਨ ਨੇ ਮੋਰਚੇ ਨੂੰ 25 ਨਵੰਬਰ ਤੱਕ ਉਡੀਕ ਕਰਨ ਲਈ ਕਿਹਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਸੈਨੇਟ ਚੋਣਾਂ ਦਾ ਵੇਰਵਾ 25 ਤੱਕ ਜਾਰੀ ਕਰ ਦਿੱਤਾ ਜਾਵੇਗਾ | ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ | ਇਸ ਸੰਘਰਸ਼ ਦਾ ਮੁੱਖ ਟਕਰਾਅ ਕੇਂਦਰ ਸਰਕਾਰ ਨਾਲ ਹੈ, ਇਸ ਲਈ ਪੰਜਾਬ ਦੇ ਵੱਖਵੱਖ ਜ਼ਿਲਿ੍ਹਆਂ ਵਿਚ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਬੀ.ਕੇ.ਯੂ. ਕ੍ਰਾਂਤੀਕਾਰੀ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ), ਬੀ.ਕੇ.ਯੂ. (ਸਿੱਧੂਪੁਰ), ਬੀ.ਕੇ.ਯੂ. (ਡਕੌਂਦਾ), ਬੀ.ਕੇ.ਯੂ. (ਕ੍ਰਾਂਤੀਕਾਰੀ), ਬੀ.ਕੇ.ਯੂ. (ਸ਼ਹੀਦ ਭਗਤ ਸਿੰਘ) ਹਰਿਆਣਾ ਤੋਂ, ਕਿਸਾਨ ਮਜ਼ਦੂਰ ਮੋਰਚਾ ਆਦਿ ਸ਼ਾਮਿਲ ਸਨ | ਵਿਦਿਆਰਥੀ ਸੰਗਠਨਾਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟ ਫੈਡਰੇਸ਼ਨ, ਐਸ.ਐਫ.ਆਈ ਅਤੇ ਏ. ਆਈ. ਡੀ. ਐਸ. ਓ ਸ਼ਾਮਲ ਸਨ | ਦੂਜੀਆਂ ਜਥੇਬੰਦੀਆਂ ਵਿਚ ਡੈਮੋਕੇ੍ਰਟਿਕ ਮੁਲਾਜ਼ਮ ਫ਼ਰੰਟ, ਸੀ.ਟੀ.ਯੂ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਵਾਰਿਸ ਪੰਜਾਬ ਦੇ, ਚਮਕੌਰ ਸਾਹਿਬ ਮੋਰਚਾ, ਅਖਿਲ ਭਾਰਤੀਆ ਸੰਯੁਕਤ ਕਿਸਾਨ ਸੰਗਠਨ, ਓ.ਬੀ.ਸੀ ਫੈਡਰੇਸ਼ਨ ਪੰਜਾਬ ਅਤੇ ਕਈ ਹੋਰ ਜਥੇਬੰਦੀਆਂ ਸ਼ਾਮਲ ਸਨ | ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਦੀ ਰੱਖਿਆ ਕਰਨ, ਅਕਾਦਮਿਕ ਖ਼ੁਦਮੁਖ਼ਤਿਆਰੀ ਨੂੰ ਬਰਕਰਾਰ ਰੱਖਣ ਅਤੇ ਨਿੱਜੀਕਰਨ ਤੇ ਕੇਂਦਰੀਕਰਨ ਦੀਆਂ ਕੋਸ਼ਿਸ਼ਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਦੁਹਰਾਇਆ |