ਜਲੰਧਰ, 18 ਨਵੰਬਰ (ਸ਼ਿਵ)-ਕੇਂਦਰੀ ਜੀ. ਐਸ. ਟੀ. ਵਿਭਾਗ ਦੀ ਇਕ ਟੀਮ ਵਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਕੂਲ੍ਹ ਰੋਡ ਸਥਿਤ ਅਗਰਵਾਲ ਵੈਸ਼ਨੋ ਢਾਬੇ 'ਤੇ ਛਾਪੇਮਾਰੀ ਕੀਤੀ ਗਈ | ਟੀਮ ਨੇ ਘਰਾਂ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ | ਵਿਭਾਗ ਨੂੰ 3 ਕਰੋੜ ਦੀ ਨਕਦੀ ਰਕਮ ਸਮੇਤ ਪ੍ਰਾਪਰਟੀ ਦੇ ਦਸਤਾਵੇਜ਼ ਮਿਲੇ ਹਨ ਜਿਸ ਦਾ ਮੁੱਲ ਕਰੋੜਾਂ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਹੈ | ਕੇਂਦਰੀ ਜੀ. ਐੱਸ. ਟੀ. ਵਿਭਾਗ ਨੇ ਕਰ ਚੋਰੀ ਦੀ ਸ਼ੰਕਾ ਵਿਚ ਇਹ ਵੱਡੀ ਕਾਰਵਾਈ ਕੀਤੀ ਹੈ | ਹੁਣ ਤੱਕ ਤਾਂ ਜੀ. ਐਸ. ਟੀ. ਦੀ ਚੋਰੀ ਦਾ ਪਤਾ ਲਗਾਉਣ ਲਈ ਸੂਬੇ ਦਾ ਜੀ. ਐੱਸ. ਟੀ. ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੇਂਦਰੀ ਜੀ. ਐਸ. ਟੀ. ਵਲੋਂ ਕੀਤੀ ਗਈ ਕਾਰਵਾਈ ਨਾਲ ਕਈਆਂ ਦੀ ਨੀਂਦ ਉੱਡ ਗਈ ਦੱਸੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਹ ਕਾਰਵਾਈ ਕੇਂਦਰੀ ਜੀ. ਐੱਸ. ਟੀ. ਵਿਭਾਗ ਦੇ ਸੁਪਰਡੈਂਟ ਕੁਲਵੰਤ ਰਾਏ ਦੀ ਅਗਵਾਈ ਵਿਚ ਕੀਤੀ ਗਈ | ਬਾਅਦ ਵਿਚ ਕੇਂਦਰੀ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਟੀਮ ਵੱਲੋਂ ਚੋਰੀ ਹੋਣ ਦੀ ਸ਼ੰਕਾ ਕਰਕੇ ਇਹ ਕਾਰਵਾਈ ਕੀਤੀ ਗਈ ਹੈ | ਇਹ ਕਾਰਵਾਈ ਸਵੇਰੇ 8 ਵਜੇ ਸ਼ੁਰੂ ਕੀਤੀ ਗਈ ਸੀ | ਉਨਾਂ ਦੱਸਿਆ ਕਿ ਘਰ ਤੋਂ 3 ਕਰੋੜ ਦੀ ਨਕਦੀ ਤੋਂ ਇਲਾਵਾ ਪ੍ਰਾਪਰਟੀ ਨਾਲ ਸਬੰਧਿਤ ਦਸਤਾਵੇਜ਼ ਵੀ ਮਿਲੇ ਹਨ | ਅਧਿਕਾਰੀ ਨੇ ਦੱਸਿਆ ਕਿ ਤਿੰਨ ਮੋਬਾਈਲ ਵੀ ਸੀਲ ਕੀਤੇ ਗਏ ਹਨ ਜਿਨਾਂ ਦੀ ਹੁਣ ਬੁੱਧਵਾਰ ਨੂੰ ਜਾਂਚ ਕੀਤੀ ਜਾਵੇਗੀ |
ਕੇਂਦਰੀ ਜੀ. ਐਸ. ਟੀ. ਵਿਭਾਗ ਵਲੋਂ ਅਗਰਵਾਲ ਢਾਬੇ 'ਤੇ ਛਾਪਾ-3 ਕਰੋੜ ਦੀ ਨਕਦੀ ਮਿਲੀ <br/>
ਅਜੀਤ ਡੈਸਕ
19-11-2025