ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਗਊਸ਼ਾਲਾ ਰੋਡ 'ਤੇ ਹਿੰਦੂ ਸ਼ਿਵ ਸੈਨਾ ਪੰਜਾਬ ਦੇ ਰਾਜ ਉਪ ਪ੍ਰਧਾਨ ਤੇ ਉਸ ਦੇ ਪੁੱਤਰ 'ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਫਾਇਰਿੰਗ ਵੀ ਕੀਤੀ ਪਰ ਆਗੂ ਦੇ ਪੁੱਤਰ ਵਲੋਂ ਹਮਲਾਵਰਾਂ ਦੇ ਰਿਵਾਲਵਰ ਨੂੰ ਜੱਫ਼ਾ ਪਾਉਣ ਕਾਰਨ ਬਚਾਅ ਹੋ ਗਿਆ ਤੇ ਮੌਕੇ 'ਤੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ਿਵ ਸੈਨਾ ਦੇ ਰਾਜ ਉਪ ਪ੍ਰਧਾਨ ਇੰਦਰਜੀਤ ਕਰਵਲ ਦਾ ਪੁੱਤਰ ਜਿੰਮੀ ਕਰਵਲ ਜਿਸ ਦੀ ਪਤਨੀ ਵਿਦੇਸ਼ ਤੋਂ ਆਈ ਹੈ ਉਸ ਨਾਲ ਸ਼ਾਮ ਸਮੇਂ ਬਾਜ਼ਾਰ 'ਚ ਖ਼ਰੀਦੋ ਫ਼ਰੋਖ਼ਤ ਕਰਨ ਲਈ ਗਿਆ ਸੀ ਤੇ ਇਨ੍ਹਾਂ ਨੇ ਜਿੰਮੀ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਸੇ ਦੌਰਾਨ ਇੰਦਰਜੀਤ ਕਰਵਲ ਜੋ ਹਨੂੰਮਾਨਗੜ੍ਹੀ ਮੰਦਿਰ ਵਿਖੇ ਮੌਜੂਦ ਸੀ ਉਸ ਨੂੰ ਦੁਕਾਨਦਾਰਾ ਨੇ ਸੂਚਨਾ ਦਿੱਤੀ ਕਿ ਜਿੰਮੀ ਦੀ ਕੁੱਟਮਾਰ ਹੋ ਰਹੀ ਹੈ ਤੇ ਉਹ ਵੀ ਮੌਕੇ 'ਤੇ ਪੁੱਜ ਗਿਆ ਜਿਸ ਤੋਂ ਬਾਅਦ ਕਰੀਬ ਅੱਧੀ ਦਰਜਨ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ ਤੇ ਉਨ੍ਹਾਂ ਉਸ ਦੀ ਵੀ ਕੁੱਟਮਾਰ ਕੀਤੀ ਤੇ ਫਾਇਰਿੰਗ ਵੀ ਕੀਤੀ ਪਰ ਗੋਲੀ ਕਿਸੇ ਦੇ ਨਾ ਲੱਗਣ ਦੀ ਸੂਚਨਾ ਮਿਲੀ ਹੈ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿੰਮੀ ਵਲੋਂ ਆਪਣੇ ਬਚਾਅ ਲਈ ਰਿਵਾਲਵਰ ਨੂੰ ਹੱਥ ਪਾਇਆ ਜਿਸ ਕਾਰਨ ਉਸ ਦਾ ਜਾਨੀ ਬਚਾਅ ਹੋ ਗਿਆ | ਦੱਸਿਆ ਜਾ ਰਿਹਾ ਕਿ ਮੌਕੇ 'ਤੇ ਤਿੰਨ ਫਾਇਰ ਹੋਏ ਹਨ | ਮੌਕੇ 'ਤੇ ਲੋਕਾਂ ਦਾ ਇਕੱਠੇ ਹੋਣ ਉਪਰੰਤ ਹਮਲਾਵਰ ਮੌਕੇ ਤੋਂ ਭੱਜ ਗਏ ਤੇ ਜ਼ਖਮੀ ਹਾਲਤ 'ਚ ਇੰਦਰਜੀਤ ਕਰਵਲ ਤੇ ਜਿੰਮੀ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਸਾਰ ਐਸ.ਪੀ. ਮਾਧਵੀ ਸ਼ਰਮਾ, ਡੀ.ਐਸ.ਪੀ. ਭਾਰਤ ਭੂਸ਼ਨ, ਐਸ.ਐਚ.ਓ ਸਿਟੀ ਊਸ਼ਾ ਰਾਣੀ ਮੌਕੇ 'ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ | ਡੀ.ਐਸ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਟੀਮਾਂ ਗਠਿਤ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸ਼ਹਿਰ ਦੇ ਵੱਖ ਵੱਖ ਪ੍ਰਮੁੱਖ ਆਗੂ ਸਿਵਲ ਹਸਪਤਾਲ ਵਿਖੇ ਪੁੱਜੇ ਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ | ਇਸ ਮੌਕੇ ਹਿੰਦੂ ਆਗੂਆਂ ਨੇ ਐਲਾਨ ਕੀਤਾ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਨਹੀਂ ਤਾਂ 19 ਨਵੰਬਰ ਨੂੰ ਫਗਵਾੜਾ ਬੰਦ ਕੀਤਾ ਜਾਵੇਗਾ ਤੇ ਉਨ੍ਹਾਂ ਦੁਕਾਨਦਾਰਾ ਨੂੰ ਆਪਣਾ ਸਹਿਯੋਗ ਦੇਣ ਲਈ ਕਿਹਾ | ਇਸ ਸੰਬੰਧੀ ਗੱਲਬਾਤ ਕਰਦਿਆਂ ਐਸ.ਪੀ. ਮਾਧਵੀ ਸ਼ਰਮਾ ਨੇ ਕਿਹਾ ਕਿ ਪੁਲਿਸ ਵਲੋਂ ਇਸ ਸਬੰਧ 'ਚ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਤੇ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਕਾਇਮ ਰੱਖਣ |
ਫਗਵਾੜਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤਰ 'ਤੇ ਕਾਤਲਾਨਾ ਹਮਲਾ <br/>
ਅਜੀਤ ਡੈਸਕ
19-11-2025