ਮਿਰਜ਼ਾਪੁਰ, 5 ਨਵੰਬਰ (ਪੀ. ਟੀ. ਆਈ)-ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਬੁੱਧਵਾਰ ਸਵੇਰੇ ਗਲਤ ਪਾਸਿਓ ਰੇਲਵੇ ਲਾਈਨ ਪਾਰ ਕਰਦਿਆਂ ਕਾਲਕਾਜੀ-ਹਾਵੜਾ ਰੇਲ ਗੱਡੀ (ਨੇਤਾਜੀ ਐਕਸਪ੍ਰੈੱਸ) ਦੀ ਲਪੇਟ 'ਚ ਆਉਣ ਨਾਲ 6 ਔਰਤਾਂ ਦੀ ਮੌਤ ਹੋ ਗਈ | ਪੀੜਤ ਔਰਤਾਂ ਕਾਰਤਿਕ ਪੂਰਨਿਮਾ (ਕੱਤਕ ਦੀ ਪੁੰਨਿਆ) ਮੌਕੇ ਵਾਰਾਨਸੀ ਵਿਖੇ ਗੰਗਾ ਇਸ਼ਨਾਨ ਲਈ ਜਾ ਰਹੀਆਂ ਸਨ | ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9.30 ਵਜੇ ਉਸ ਵੇਲੇ ਵਾਪਰੀ ਜਦੋਂ ਚੁਨਾਰ ਰੇਲਵੇ ਸਟੇਸ਼ਨ 'ਤੇ ਗੋਮੋਹ-ਪ੍ਰਯਾਗਰਾਜ ਐਕਸਪ੍ਰੈਸ 'ਚੋਂ ਉਤਰਨ ਮਗਰੋਂ ਕੁੱਝ ਯਾਤਰੀ ਗਲਤ ਪਾਸਿਓ ਰੇਲ ਪਟੜੀਆਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ | ਇਸ ਦੌਰਾਨ ਪਲੇਟਫ਼ਾਰਮ ਨੰਬਰ ਤਿੰਨ ਤੋਂ ਤੇਜ਼ ਰਫ਼ਤਾਰ ਨਾਲ ਲੰਘ ਰਹੀ ਨੇਤਾਜੀ ਐਕਸਪ੍ਰੈੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਉਨ੍ਹਾਂ ਦੱਸਿਆ ਕਿ ਯਾਤਰੀ ਰੇਲਗੱਡੀ ਦੇ ਪਲੇਟਫ਼ਾਰਮ ਵਾਲੇ ਪਾਸੇ ਨਹੀਂ ਉਤਰੇ, ਸਗੋਂ ਉਲਟ ਪਾਸੇ ਉਤਰੇ, ਜਿੱਥੇ ਉਨ੍ਹਾਂ ਨੂੰ ਦੂਜੇ ਪਾਸਿਓ ਆ ਰਹੀ ਇੱਕ ਹੋਰ ਰੇਲਗੱਡੀ ਨੇ ਟੱਕਰ ਮਾਰ ਦਿੱਤੀ | ਜੀ.ਆਰ.ਪੀ. ਦੇ ਇੰਸਪੈਕਟਰ ਰਾਘਵੇਂਦਰ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਸਵਿਤਾ (28), ਸਾਧਨਾ (16), ਸ਼ਿਵ ਕੁਮਾਰੀ (12), ਅੰਜੂ ਦੇਵੀ (20), ਸੁਸ਼ੀਲਾ ਦੇਵੀ (60) ਅਤੇ ਕਲਾਵਤੀ (50) ਵਜੋਂ ਹੋਈ ਹੈ | ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ |