ਅੰਮਿ੍ਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ 'ਤੇ ਸਰਕਾਰੀ ਪੱਧਰ 'ਤੇ ਸਮਾਗਮ ਕਰਵਾਏ ਜਾਣ ਦੇ ਐਲਾਨ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਤਾਬਦੀ ਸਮਾਗਮਾਂ ਮੌਕੇ ਸਹਿਯੋਗੀ ਭੂਮਿਕਾ ਨਿਭਾਏ, ਨਾ ਕਿ ਵੱਖਰੇ ਤੌਰ 'ਤੇ ਸਮਾਗਮ ਕਰਨ ਲਈ ਪੰਥ ਵਿਚ ਬੇਲੋੜੀ ਚਰਚਾ ਪੈਦਾ ਕਰੇ | ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਸ਼ਤਾਬਦੀ ਸਮਾਗਮ ਵੱਖਰੇ ਤੌਰ 'ਤੇ ਮਨਾਉਣ ਦੇ ਬਿਆਨ 'ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਹੀ ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਸ਼ਤਾਬਦੀਆਂ ਦੇ ਸਮਾਗਮ ਕਰਨ ਦੀ ਹੱਕਦਾਰ ਹੈ ਤੇ ਸਰਕਾਰਾਂ ਦਾ ਮੁੱਖ ਕੰਮ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕਰਨਾ ਹੈ, ਨਾ ਕਿ ਧਾਰਮਿਕ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਕਰਨਾ | ਉਨ੍ਹਾਂ ਕਿਹਾ ਕਿ ਧਾਰਮਿਕ ਪੱਖੋਂ ਅਜਿਹੇ ਸਮਾਗਮ ਸਿਰਫ਼ ਉਹੀ ਸੰਸਥਾਵਾਂ ਕਰ ਸਕਦੀਆਂ ਹਨ ਜੋ ਸਿੱਖ ਮਰਿਆਦਾ ਅਤੇ ਇਤਿਹਾਸਕ ਸੰਵੇਦਨਸ਼ੀਲਤਾ ਨੂੰ ਗਹਿਰਾਈ ਨਾਲ ਸਮਝਦੀਆਂ ਹਨ | ਧਾਮੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਸਿੱਖ ਇਤਿਹਾਸ ਦੇ ਮਹੱਤਵਪੂਰਨ ਮੌਕਿਆਂ 'ਤੇ ਸਮਾਗਮ ਹਮੇਸ਼ਾਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਹੀ ਹੋਏ ਹਨ ਤੇ ਸਰਕਾਰਾਂ ਨੇ ਸਿਰਫ਼ ਪ੍ਰਬੰਧਕੀ ਸਹਿਯੋਗ ਦਿੱਤਾ ਹੈ | ਪੰਜਾਬ ਸਰਕਾਰ ਸਹਿਯੋਗੀ ਭੂਮਿਕਾ ਨਿਭਾਏ, ਨਾ ਕਿ ਵੱਖਰੇ ਤੌਰ 'ਤੇ ਸਮਾਗਮ ਕਰਨ ਲਈ ਪੰਥ ਵਿਚ ਬੇਲੋੜੀ ਚਰਚਾ ਪੈਦਾ ਕਰੇ |
ਧਾਮੀ ਨੇ ਪੰਜਾਬ ਸਰਕਾਰ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਵੱਖਰੇ ਤੌਰ 'ਤੇ ਕਰਨ ਦੇ ਐਲਾਨ 'ਤੇ ਜਤਾਇਆ ਸਖ਼ਤ ਇਤਰਾਜ਼ <br/>
ਅਜੀਤ ਡੈਸਕ
22-07-2025